ਚੁੱਪ-ਚੁਪੀਤੇ ਮੁਹਾਲੀ ਪਹੁੰਚੇ ਸੁਮੇਧ ਸੈਣੀ

ਚੁੱਪ-ਚੁਪੀਤੇ ਮੁਹਾਲੀ ਪਹੁੰਚੇ ਸੁਮੇਧ ਸੈਣੀ

ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ (ਮੁਹਾਲੀ), 25 ਸਤੰਬਰ

ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਲਾਪਤਾ ਕੇਸ ’ਚ ਕਤਲ ਦੀਆਂ ਧਾਰਾਵਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਚੁੱਪ-ਚੁਪੀਤੇ ਮੁਹਾਲੀ ਪਹੁੰਚੇ। ਉਨ੍ਹਾਂ ਪੰਜਾਬ ਪੁਲੀਸ ਵੱਲੋਂ ਬਣਾਈ ਗਈ ਸਿਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ ਐੱਸਪੀ (ਡੀ) ਕੋਲ ਹਾਜ਼ਰੀ ਲਵਾਈ ਅਤੇ ਅਦਾਲਤ ’ਚ ਵੀ ਆਪਣੇ ਕੇਸ ਸਬੰਧੀ ਚਾਰਾਜੋਈ ਕੀਤੀ। ਉਨ੍ਹਾਂ ਦੇ ਮੁਹਾਲੀ ਆਉਣ ਦੀ ਮੀਡੀਆ ਨੂੰ ਵੀ ਭਿਣਕ ਨਹੀਂ ਪਈ। ਪ੍ਰਾਪਤ ਜਾਣਕਾਰੀ ਅਨੁਸਰ ਸ੍ਰੀ ਸੈਣੀ ਸਵੇਰੇ ਨੌਂ ਕੁ ਵਜੇ ਮਟੌਰ ਥਾਣੇ ਜਾਣ ਦੀ ਥਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਿਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ ਕੋਲ ਪਹੁੰਚੇ। ਉਨ੍ਹਾਂ ਜਾਂਚ ਅਧਿਕਾਰੀ ਨੂੰ ਜਾਂਚ ਵਿੱਚ ਸ਼ਾਮਿਲ ਕਰਨ ਲਈ ਆਖਿਆ ਪਰ ਜਾਂਚ ਅਧਿਕਾਰੀ ਨੇ ਅਜਿਹਾ ਕਰਨ ਤੋਂ ਜਵਾਬ ਦੇ ਦਿੱਤਾ। ਸਾਬਕਾ ਪੁਲੀਸ ਮੁਖੀ ਨੇ ਜਾਂਚ ਅਧਿਕਾਰੀ ਨੂੰ 23 ਸਤੰਬਰ ਨੂੰ ਸਿਟ ਸਾਹਮਣੇ ਪੇਸ਼ ਨਾ ਹੋ ਸਕਣ ਦੇ ਕਾਰਨਾਂ ਦੀ ਵੀ ਜਾਣਕਾਰੀ ਦਿੱਤੀ। ਇਸ ਮਗਰੋਂ ਉਹ ਆਪਣੇ ਵਕੀਲ ਐੱਚਐੱਸ ਧਨੋਆ ਨਾਲ ਜੱਜ ਰਸ਼ਵੀਨ ਕੌਰ ਦੀ ਅਦਾਲਤ ਪਹੁੰਚੇ।

ਐਡਵੋਕੇਟ ਧਨੋਆ ਨੇ ਅਦਾਲਤ ਨੂੰ ਦਰਖਾਸਤ ਦੇ ਕੇ ਆਖਿਆ ਕਿ ਸੁਪਰੀਮ ਕੋਰਟ ਨੇ ਸਬੰਧਤ ਮਾਮਲੇ ਵਿੱਚ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਇਸ ਕਰਕੇ ਮੁਹਾਲੀ ਅਦਾਲਤ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜਾਰੀ ਵਾਰੰਟ ਵਾਪਿਸ ਲਏ ਜਾਣ। ਜੱਜ ਨੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਗ੍ਰਿਫ਼ਤਾਰੀ ਵਾਰੰਟ ਵਾਪਿਸ ਲੈ ਲਏ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ’ਤੇ ਪਾ ਦਿੱਤੀ ਹੈ।

ਸੁਮੇਧ ਸੈਣੀ ਨੂੰ ਬੁਲਾਇਆ ਨਹੀਂ ਗਿਆ: ਜਾਂਚ ਅਧਿਕਾਰੀ

ਸਿਟ ਦੇ ਇੰਚਾਰਜ ਹਰਮਨਦੀਪ ਸਿੰਘ ਹਾਂਸ ਨਾਲ ਜਦੋਂ ਸੁਮੇਧ ਸੈਣੀ ਦੀ ਆਮਦ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਆਖਿਆ ਕਿ ਸਿਟ ਵੱਲੋਂ ਅੱਜ ਉਨ੍ਹਾਂ ਨੂੰ ਬੁਲਾਇਆ ਹੀ ਨਹੀਂ ਗਿਆ ਸੀ। ਦੁਬਾਰਾ ਬੁਲਾਏ ਜਾਣ ਲਈ ਨਵੇਂ ਸੰਮਨ ਜਾਰੀ ਕਰਨ ਸਬੰਧੀ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਥਾਣਾ ਮਟੌਰ ਦੇ ਮੁਖੀ ਅਤੇ ਸਿਟ ਦੇ ਮੈਂਬਰ ਇੰਸਪੈਕਟਰ ਰਾਜੀਵ ਕੁਮਾਰ ਨੇ ਸੰਪਰਕ ਕਰਨ ਉੱਤੇ ਦੱਸਿਆ ਕਿ ਸਾਬਕਾ ਪੁਲੀਸ ਮੁਖੀ ਅੱਜ ਮਟੌਰ ਥਾਣੇ ਨਹੀਂ ਆਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All