Sukhpal Khaira ਦਾ ਦਿਮਾਗੀ ਸੰਤੁਲਨ ਵਿਗੜਿਆ: ‘ਆਪ’ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ Amandeep Kaur ਦਾ ਸ਼ਬਦੀ ਹਮਲਾ
ਔਰਤਾਂ ਵਿਰੁੱਧ ਕੀਤੀਆਂ ਮੰਦਭਾਗੀਆਂ ਟਿੱਪਣੀਆਂ ਦੀ ਕਰੜੀ ਨਿੰਦਾ
ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਆਪਣੇ ਇੱਕ ਸੂਬਾ ਆਗੂ ਵਿਰੁੱਧ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀਆਂ ਬੇਹੱਦ ਅਪਮਾਨਜਨਕ ਅਤੇ ਭੱਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਵਿੰਗ ਦੀ ਸੂਬਾ ਪ੍ਰਧਾਨ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਖਹਿਰਾ ਦੀਆਂ ਟਿੱਪਣੀਆਂ ਨੂੰ ਦੇਸ਼ ਦੀ ਹਰੇਕ ਮਾਂ, ਭੈਣ ਅਤੇ ਧੀ ਦਾ ਅਪਮਾਨ ਕਰਾਰ ਦਿੰਦਿਆਂ ਉਨ੍ਹਾਂ ਤੋਂ ਇਸ ਦਾ ਜਵਾਬ ਮੰਗਿਆ ਹੈ।
ਡਾਕਟਰ ਅਰੋੜਾ ਨੇ ਕਿਹਾ ਕਿ ਆਪ ਦੇ ਸੂਬਾ ਅਬਜ਼ਰਵਰ ਗਾਇਤਰੀ ਬਿਸ਼ਨੋਈ ਦੇ ਪਿਤਾ ਲੰਘੇ ਛੇ ਮਹੀਨਿਆਂ ਤੋਂ ਦਿਲ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਸਰਕਾਰੀ ਕੋਠੀ ਨੰਬਰ 961 ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੇ ਕੋਠੀ ਨੰਬਰ 959 ਦਾ ਗ਼ਲਤ ਹਵਾਲਾ ਦੇ ਕੇ ਮਹਿਲਾ ਆਗੂ ਦੇ ਕਿਰਦਾਰ ਨੂੰ ਲੈ ਕੇ ਗ਼ਲਤ ਟਿੱਪਣੀਆਂ ਕਰਕੇ ਔਰਤਾਂ ਅਤੇ ਬੱਚੀਆਂ ਪ੍ਰਤੀ ਆਪਣੀ ਕੋਝੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਅਤੇ ਪੰਜਾਬ ਦੀ ਹਰੇਕ ਬੱਚੀ ਸੁਖਪਾਲ ਖਹਿਰਾ ਤੋਂ ਇਸ ਦਾ ਜਵਾਬ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਔਰਤਾਂ ਅਤੇ ਧੀਆਂ ਸਬੰਧੀ ਅਜਿਹੀ ਸੋਚ ਰੱਖਦੇ ਹਨ, ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਇਸ ਸੋਚ ਲਈ ਸ਼ਰਮ ਆਉਣੀ ਚਾਹੀਦੀ ਹੈ। ਡਾਕਟਰ ਅਰੋੜਾ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਾਈਵ ਹੁੰਦਿਆਂ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ ਅਤੇ ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ ਸੁਣਾਈਆਂ।

