ਸੁਖਦੇਵ ਢੀਂਡਸਾ ਬਣੇ ਅਕਾਲੀ ਦਲ ਦੇ ਨਵੇਂ ਪ੍ਰਧਾਨ

ਅਸਲ ਸ਼੍ਰੋਮਣੀ ਅਕਾਲੀ ਦਲ ਲਈ ਿਸਆਸੀ ਰੱਸਾਕੱਸੀ ਸ਼ੁਰੂ

ਸੁਖਦੇਵ ਢੀਂਡਸਾ ਬਣੇ ਅਕਾਲੀ ਦਲ ਦੇ ਨਵੇਂ ਪ੍ਰਧਾਨ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਮੰਗਲਵਾਰ ਨੂੰ ਲੁਧਿਆਣਾ ਵਿਚ ਪਾਰਟੀ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ। -ਫੋਟੋ:ਇੰਦਰਜੀਤ ਵਰਮਾ

ਗੁਰਿੰਦਰ ਸਿੰਘ/ਗਗਨਦੀਪ ਅਰੋੜਾ
ਲੁਧਿਆਣਾ, 7 ਜੁਲਾਈ

ਸ਼੍ੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਵੱਖਰਾ ਰਾਹ ਅਖ਼ਤਿਆਰ ਕਰਨ ਵਾਲੇ ਅਕਾਲੀ ਆਗੂਆਂ ਨੇ ਅੱਜ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਸਰਬਸੰਮਤੀ ਨਾਲ ਸ਼੍ੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ‘ਥਾਪ’ ਕੇ ਸੁਖਬੀਰ ਬਾਦਲ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਸ੍ਰੀ ਢੀਂਡਸਾ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਥਾਨਕ ਗੁਰਦੁਆਰੇ ਵਿੱਚ ਨਵਾਂ ਪ੍ਰਧਾਨ ਚੁਣਿਆ ਗਿਆ। ਸ੍ਰੀ ਢੀਂਡਸਾ ਨੇ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਮੌਜੂਦਾ ਸਮੇਂ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਹਨ ਤੇ ਸੁਖਦੇਵ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੂੰ ਕਥਿਤ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ’ਚ ਫਰਵਰੀ ਮਹੀਨੇ ਪਾਰਟੀ ’ਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਗੁਰਦੁਆਰਾ ਸ਼ਹੀਦਾਂ ਮਾਡਲ ਟਾਊਨ ਵਿੱਚ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਹੋਈ ਚੋਣ ਵਿੱਚ ਦੋ ਵਾਰ ਲੋਕ ਸਭਾ ਮੈਂਬਰ ਰਹੀ ਪਰਮਿੰਦਰ ਕੌਰ ਗੁਲਸ਼ਨ ਨੇ ‘ਪ੍ਰਧਾਨਗੀ’ ਲਈ ਸੁਖਦੇਵ ਸਿੰਘ ਢੀਂਂਡਸਾ ਦੇ ਨਾਂ ਦੀ ਤਜਵੀਜ਼ ਰੱਖੀ। ਜਗਦੀਸ਼ ਸਿੰਘ ਗਰਚਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਦੇਸ ਰਾਜ ਸਿੰਘ ਧੁੱਗਾ ਤੇ ਸਾਬਕਾ ਪਾਰਟੀ ਪ੍ਰਧਾਨ ਮਰਹੂਮ ਜਗਦੇਵ ਸਿੰਘ ਤਲਵੰਡੀ ਦੀ ਧੀ ਹਰਜੀਤ ਕੌਰ ਤਲਵੰਡੀ ਨੇ ਇਸ ਦੀ ਤਾਈਦ ਕੀਤੀ। ਉਪਰੰਤ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਪੁੱਜੇ ਸੈਂਕੜੇ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਇਸ ਨੂੰ ਪ੍ਰਵਾਨਗੀ ਦਿੱਤੀ ਤੇ ਸਰਬਸੰਮਤੀ ਨਾਲ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਵਿੱਚ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦਿੱਤਾ ਗਿਆ। ਫੈਡਰੇਸ਼ਨ ਆਗੂ ਪਰਮਜੀਤ ਸਿੰਘ ਖਾਲਸਾ, ਮਨਜੀਤ ਸਿੰਘ ਭੋਮਾ ਸਮੇਤ ਕਈ ਆਗੂਆਂ ਨੇ ਸੁਖਦੇਵ ਢੀਂਡਸਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਬੀਬੀ ਗੁਲਸ਼ਨ ਨੇ ਕਿਹਾ ਕਿ 23 ਫਰਵਰੀ ਨੂੰ ਸੰਗਰੂਰ ਵਿੱਚ ਹੋਈ ਪਾਰਟੀ ਵਰਕਰਾਂ ਦੀ ਕਨਵੈਨਸ਼ਨ ਦੌਰਾਨ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਕਬਜ਼ੇ ’ਚੋਂ ਛੁਡਾਉਣ ਲਈ ਕੀਤੇ ਫੈਸਲੇ ਤਹਿਤ ਸੁਖਬੀਰ ਸਿੰਘ ਬਾਦਲ ਦੀ ਥਾਂ ਸੁਖਦੇਵ ਢੀਂਡਸਾ ਨੂੰ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਗਿਆ ਹੈ।

ਪਾਰਟੀ ਦਾ ਨਵਾਂ ਪ੍ਰਧਾਨ ਬਣਨ ਮਗਰੋਂ ਸੁਖਦੇਵ ਸਿੰਘ ਢੀਂਡਸਾ ਨੇ ਸਮੁੱਚੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਤਨ ਲੀਹਾਂ ’ਤੇ ਲਿਆਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਦੂਜੇ ਪਾਰਟੀ ਆਗੂਆਂ ਨੂੰ ਪੰਜਾਬ ਅਤੇ ਪੰਥ ਦੇ ਭਲੇ ਲਈ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਕੇ ਸਭ ਤੋਂ ਪਹਿਲਾਂ ਸਿੱਖ ਕੌਮ ਦੀ ਇਸ ਮਹਾਨ ਸੰਸਥਾ ਵਿੱਚ ਬਾਦਲ ਪਰਿਵਾਰ ਵੱਲੋਂ ਕੀਤੇ ਘਪਲਿਆਂ ਦੀ ਜਾਂਚ ਕਰਕੇ ਕਸੂਰਵਾਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦਲ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਹੋਵੇਗਾ ਅਤੇ ਜੇਕਰ ਰਜਿਸਟਰੇਸ਼ਨ ਮੌਕੇ ਕੋਈ ਸਮੱਸਿਆ ਆਈ ਤਾਂ ਪਾਰਟੀ ਦੇ ਨਾਮ ਨਾਲ ਕੋਈ ਸ਼ਬਦ ਜੋੜ ਲਿਆ ਜਾਵੇਗਾ। ਸ੍ਰੀ ਢੀਂਡਸਾ ਨੇ ਇਸ ਮੌਕੇ ਦਲ ਦੇ 15 ਸੂਤਰੀ ਨੀਤੀ ਪ੍ਰੋਗਰਾਮ ਦਾ ਵੀ ਐਲਾਨ ਕੀਤਾ। ਸਟੇਜ ਸੰਚਾਲਨ ਕਰਦਿਆਂ ਨਿਧੜਕ ਸਿੰਘ ਬਰਾੜ ਨੇ ਢੀਂਡਸਾ ਦੇ ਸੰਘਰਸ਼ਮਈ ਜੀਵਨ ਉਪਰ ਰੋਸ਼ਨੀ ਪਾਈ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਬੀਰਦਵਿੰਦਰ ਸਿੰਘ, ਮਨਜੀਤ ਸਿੰਘ ਜੀਕੇ, ਪਰਮਿੰਦਰ ਸਿੰਘ ਢੀਂਡਸਾ, ਹਰਿਆਣਾ ਦੇ ਸਿੱਖ ਆਗੂ ਦੀਦਾਰ ਸਿੰਘ ਨਲਵੀ, ਨਿਹੰਗ ਮੁਖੀ ਬਾਬਾ ਗੁਰਦੇਵ ਸਿੰਘ, ਤੇਜਿੰਦਰ ਪਾਲ ਸਿੰਘ ਸੰਧੂ, ਚਰਨਜੀਤ ਸਿੰਘ ਚੰਨੀ, ਪਰਮਜੀਤ ਸਿੰਘ ਖਾਲਸਾ, ਮਾਨ ਸਿੰਘ ਗਰਚਾ, ਮਨਜੀਤ ਸਿੰਘ ਭੋਮਾ, ਹਰਸੁਖਿੰਦਰ ਸਿੰਘ ਬੱਬੀ ਬਾਦਲ ਆਦਿ ਵੀ ਹਾਜ਼ਰ ਸਨ।

ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਾ ਨਾਮ ਵਰਤਣਾ ‘ਗੈਰਕਾਨੂੰਨੀ’: ਚੀਮਾ

ਚੰਡੀਗੜ੍ਹ(ਦਵਿੰਦਰ ਪਾਲ): ਸ਼੍ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਪਾਰਟੀ ’ਚੋਂ ਬਰਖਾਸਤ ਕੀਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦਾ ਨਾਮ ਵਰਤੇ ਜਾਣ ਨੂੰ ‘ਗੈਰਕਾਨੂੰਨੀ ਤੇ ਧੋਖਾਧੜੀ’ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ’ਚੋਂ ਛੇਕਿਆ ਆਗੂ ਕਾਂਗਰਸ ਦੀ ਸ਼ਹਿ ’ਤੇ ਇਹ ਸਭ ਕੁਝ ਕਰ ਰਿਹਾ ਹੈ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਸਦੀ ਪੁਰਾਣੀ ਪਾਰਟੀ ਹੈ, ਜੋ ਭਾਰਤ ਦੇ ਚੋਣ ਕਮਿਸ਼ਨ ਕੋਲ ਰਜਿਸਟਰਡ ਹੈ। ਚੀਮਾ ਨੇ ਕਿਹਾ, ‘ਉਨ੍ਹਾਂ ਜੋ ਕੁਝ ਕੀਤਾ, ਉਹ ਸੌ ਫੀਸਦ ਜਾਅਲਸਾਜ਼ੀ ਹੈ। ਇਹ ਗੈਰਕਾਨੂੰਨੀ ਤੇ ਕਿਸੇ ਧੋਖੇ-ਫ਼ਰੇਬ ਤੋਂ ਘੱਟ ਨਹੀਂ। ਉਹ ਇਹ ਸਭ ਕੁਝ ਕਾਂਗਰਸ ਦੀ ਸ਼ਹਿ ’ਤੇ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਨੂੰ ਆਪਣੇ ਤਰੀਕੇ ਨਾਲ ਚੱਲਣ ਦਾ ਜਮਹੂਰੀ ਅਧਿਕਾਰ ਹੈ, ਪਰ ਸਾਡਾ ਇਤਰਾਜ਼ ਉਨ੍ਹਾਂ ਵੱਲੋਂ ਸ਼੍ੋਮਣੀ ਅਕਾਲੀ ਦਲ ਦਾ ਨਾਂ ਵਰਤ ਕੇ ਕੀਤਾ ਗਿਆ ਫਰਾਡ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਪਾਰਟੀ ਦਾ ਢਾਂਚਾ ਤੇ ਡੈਲੀਗੇਟ ਹੀ ਪਾਰਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕਰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All