ਸੁਖਬੀਰ ਤਿਆਗ ਦੀ ਭਾਵਨਾ ਦੀ ਥਾਂ ਸੱਤਾ ਲਈ ਤਰਲੋਮੱਛੀ: ਢੀਂਡਸਾ
ਗੁਰਿੰਦਰ ਸਿੰਘ
ਲੁਧਿਆਣਾ, 19 ਜੂਨ
ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਦਿਖਾਉਣ ਦੀ ਥਾਂ ਮੁੜ ਸੱਤਾ ਪ੍ਰਾਪਤੀ ਲਈ ਤਰਲੋਮੱਛੀ ਹੋ ਰਹੇ ਹਨ ਅਤੇ ਭਾਜਪਾ ਵੱਲ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤੀ ਤੋਂ ਬਿਨਾਂ ਭਾਜਪਾ ਨਾਲ ਸਮਝੌਤਾ ਹੋਣ ਦੀ ਸੰਭਾਵਨਾ ਘੱਟ ਹੈ। ਉਹ ਅੱਜ ਮੋਤੀ ਬਾਗ਼ ਕਲੋਨੀ ਫੁੱਲਾਂਵਾਲ ਵਿੱਚ ਅਕਾਲੀ ਆਗੂ ਕੁਲਦੀਪ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮੁੜ ਉਭਾਰ ਲਈ ਭਾਜਪਾ ਦਾ ਸਹਾਰਾ ਲੱਭ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਪੰਥਕ ਸਿਧਾਂਤਾਂ ਨੂੰ ਛੱਡਣ ਵਾਲੇ ਲੋਕ ਮੁੜ ਸਿਧਾਂਤ ਅਨੁਸਾਰ ਚੱਲ ਕੇ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਦੋ ਦਸੰਬਰ 2024 ਦੇ ਹੁਕਮਨਾਮੇ ਨੂੰ ਮੰਨਣ ਤਾਂ ਹੀ ਅਕਾਲੀ ਦਲ ਮੁੜ ਪਹਿਲਾਂ ਵਾਲੀ ਸਥਿਤੀ ਵਿੱਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਹੁਕਮਨਾਮੇ ਵਿੱਚ ਜਿਹੜੀਆਂ ਗੱਲਾਂ ਠੀਕ ਲੱਗੀਆਂ ਉਹ ਮੰਨ ਲਈਆਂ, ਜਿਹੜੀਆਂ ਵਿਰੁੱਧ ਲੱਗੀਆਂ ਉਹ ਨਹੀਂ ਮੰਨੀਆਂ। ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੀ 2 ਦਸੰਬਰ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅਕਾਲੀ ਦਲ ਉਸ ਤੋਂ ਮੁਨਕਰ ਹੋ ਰਿਹਾ ਹੈ। ਪਰਮਿੰਦਰ ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਰਹੂਮ ਸੁਖਦੇਵ ਸਿੰਘ ਢੀਂਡਸਾ ਵੀ ਅਕਾਲੀ ਦਲ ਨੂੰ ਮਜ਼ਬੂਤ ਵੇਖਣਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਅੰਤਿਮ ਪਲਾਂ ਦੌਰਾਨ ਵੀ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇ ਕੇ ਤਿਆਗ ਦੀ ਭਾਵਨਾ ਦਿਖਾਉਣ ਦੀ ਸਲਾਹ ਦਿੱਤੀ ਸੀ ਪਰ ਉਹ ਪ੍ਰਧਾਨਗੀ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਹ ਮਰਹੂਮ ਢੀਂਡਸਾ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਨਗੇ। ਢੀਂਡਸਾ ਨੇ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਦਾ ਨਿਸ਼ਾਨਾ ਸਿੱਖ ਕੌਮ ਦਾ ਵਿਸ਼ਵਾਸ ਜਿੱਤਣਾ ਅਤੇ ਪੰਥਕ ਰਵਾਇਤਾਂ ਅਨੁਸਾਰ ਵਿਚਾਰਧਾਰਾ ਉੱਪਰ ਪਹਿਰਾ ਦੇ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ।