‘ਚੱਕਾ ਜਾਮ’ ਪ੍ਰੋਗਰਾਮ ’ਚ ਪਾਰਟੀ ਦੀ ਢਿੱਲੀ ਕਾਰਗੁਜ਼ਾਰੀ ਤੋਂ ਸੁਖਬੀਰ ਖ਼ਫਾ

‘ਚੱਕਾ ਜਾਮ’ ਪ੍ਰੋਗਰਾਮ ’ਚ ਪਾਰਟੀ ਦੀ ਢਿੱਲੀ ਕਾਰਗੁਜ਼ਾਰੀ ਤੋਂ ਸੁਖਬੀਰ ਖ਼ਫਾ

ਰਵੇਲ ਸਿੰਘ ਭਿੰਡਰ
ਪਟਿਆਲਾ, 26 ਸਤੰਬਰ

ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਖ਼ਰ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਦੇ ਕਈ ਹਲਕਿਆਂ ’ਚ ਪਾਰਟੀ ਸਿਆਸੀ ਤੌਰ ’ਤੇ ਕਮਜ਼ੋਰ ਪੈ ਚੁੱਕੀ ਹੈ। ਇਸ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਚ ਤੋਂ ਮੰਨਿਆ ਕਿ ਬੀਤੇ ਦਿਨ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਰੱਖੇ ਗਏ ‘ਚੱਕਾ ਜਾਮ’ ਪ੍ਰੋਗਰਾਮਾਂ ’ਚ ਕਈ ਹਲਕਿਆਂ ’ਚ ਪਾਰਟੀ ਦੀ ਅਤਿ ਢਿੱਲੀ ਕਾਰਗੁਜ਼ਾਰੀ ਸਾਹਮਣੇ ਆਈ ਹੈ। ਸੁਖਬੀਰ ਬਾਦਲ ਅੱਜ ਇਥੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਵਿੱਚ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੋ ਜ਼ਿਲ੍ਹਿਆਂ ਆਧਾਰਿਤ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੂਬੇ ਦੀ ਜਨਤਾ ਨੇ ਆਪ ਮੁਹਾਰੇ ਕਿਸਾਨਾਂ ਦੇ ‘ਪੰਜਾਬ ਬੰਦ’ ਦੇ ਸੱਦੇ ’ਚ ਹਿੱਸਾ ਲੈਂਦਿਆਂ ਬਾਦਲਕਿਆਂ ਦੇ ‘ਚੱਕਾ ਜਾਮ’ ਪ੍ਰੋਗਰਾਮ ਨੂੰ ਅਣਡਿੱਠ ਕਰ ਦਿੱਤਾ। ਅਜਿਹੀ ਸਿਆਸੀ ਪੀੜ ਨੂੰ ਲੈ ਕੇ ਸੁਖਬੀਰ ਬਾਦਲ ਨੇ ਢਿੱਲੀ ਕਾਰਗੁਜ਼ਾਰੀ ਵਾਲੇ ਹਲਕਿਆਂ ਦੇ ਹਲਕਾ ਇੰਚਾਰਜਾਂ ਤੇ ਹੋਰ ਆਗੂਆਂ ਨੂੰ ਅਸਿੱਧੇ ਤੌਰ ’ਤੇ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਿੰਤਾ ਵਾਲੀ ਗੱਲ ਹੈ ਕਿ ਪਾਰਟੀ ਦੀ ਪਕੜ ਢਿੱਲੀ ਕਿਉਂ ਪੈਣ ਲੱਗੀ ਹੈ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਜਜ਼ਬੇ ਨਾਲ ਪਾਰਟੀ ਦੇ ਕੰਮ ’ਚ ਲੱਗ ਜਾਣ ਕਿਉਂਕਿ ਅਗਲੀਆਂ ਚੋਣਾਂ ’ਚ ਸਿਰਫ਼ ਸਾਲ ਕੁ ਦਾ ਸਮਾਂ ਹੀ ਬਚਿਆ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਕਿਸਾਨੀ ਹਿੱਤਾਂ ਨੂੰ ਲੈ ਕੇ ‘ਦਿੱਲੀ ਵਾਲਿਆਂ’ ਨਾਲ ਹੁਣ ਆਹਮੋ-ਸਾਹਮਣੀ ਲੜਾਈ ਹੋ ਗਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All