ਸੁੱਖਣਵਾਲਾ ਕਤਲ: ਤਿੰਨੇ ਮੁਲਜ਼ਮਾਂ ਨੂੰ 22 ਤੱਕ ਜੇਲ੍ਹ ਭੇਜਿਆ
ਮ੍ਰਿਤਕ ਦੇ ਘਰੋਂ ਚੋਰੀ ਹੋਇਆ ਸੋਨਾ ਤੇ ਹੋਰ ਸਾਮਾਨ ਬਰਾਮਦ, ਨਹੀਂ ਮਿਲਿਆ ਪੁਲੀਸ ਰਿਮਾਂਡ
ਪਿਛਲੇ ਦਿਨੀਂ ਪਿੰਡ ਸੁੱਖਣਵਾਲਾ ਵਿੱਚ ਕਤਲ ਕੀਤੇ ਨੌਜਵਾਨ ਗੁਰਵਿੰਦਰ ਸਿੰਘ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਉਸ ਦੀ ਪਤਨੀ ਰੁਪਿੰਦਰ ਕੌਰ, ਪ੍ਰੇਮੀ ਹਰਕੰਵਲਜੀਤ ਸਿੰਘ ਅਤੇ ਇੱਕ ਹੋਰ ਮੁਲਜ਼ਮ ਵਿਸ਼ਵਜੀਤ ਸਿੰਘ ਨੂੰ ਇਲਾਕਾ ਮੈਜਿਸਟਰੇਟ ਜੁਗਰਾਜ ਸਿੰਘ ਨੇ 22 ਦਸੰਬਰ ਤੱਕ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ।
ਪੁਲੀਸ ਨੇ ਮੁਲਜ਼ਮਾਂ ਦਾ ਤਿੰਨ ਦਿਨਾਂ ਦਾ ਹੋਰ ਰਿਮਾਂਡ ਮੰਗਿਆ ਸੀ ਪ੍ਰੰਤੂ ਅਦਾਲਤ ਨੇ ਪੁਲੀਸ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ। ਇਸੇ ਦਰਮਿਆਨ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਘਰੋਂ ਚੋਰੀ ਕੀਤਾ ਗਿਆ ਸੋਨਾ ਪੁਲੀਸ ਨੇ ਬਰਾਮਦ ਕਰ ਲਿਆ ਹੈ। ਪੁਲੀਸ ਨੇ ਗੋਲੀਆਂ ਦਾ ਉਹ ਪੱਤਾ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਹੜੀਆਂ ਗੁਰਵਿੰਦਰ ਸਿੰਘ ਨੁੰ ਬੇਹੋਸ਼ ਕਰਨ ਲਈ ਦਿੱਤੀਆਂ ਗਈਆਂ ਸਨ। ਹਾਲਾਂਕਿ ਪੁਲੀਸ ਨੂੰ ਉਹ ਸਰਿੰਜ ਬਰਾਮਦ ਨਹੀਂ ਹੋ ਸਕੀ, ਜਿਸ ਰਾਹੀਂ ਗੁਰਵਿੰਦਰ ਸਿੰਘ ਨੂੰ ਚਿੱਟੇ ਦਾ ਟੀਕਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਲਾਸ਼ 28 ਤੇ 29 ਨਵੰਬਰ ਦੀ ਰਾਤ ਨੂੰ ਘਰ ਦੀ ਛੱਤ ਤੋਂ ਮਿਲੀ ਸੀ ਅਤੇ ਉਸ ਦੇ ਸਿਰ ਉੱਪਰ ਕੋਈ ਸੱਟ ਨਹੀਂ ਸੀ।
ਹਾਲਾਂਕਿ ਪੁਲੀਸ ਨੇ ਅਦਾਲਤ ਵਿੱਚ ਇਹ ਨਹੀਂ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਦੇ ਘਰੋਂ ਕਿੰਨਾ ਸੋਨਾ ਚੋਰੀ ਹੋਇਆ ਸੀ ਅਤੇ ਕਿੰਨਾ ਬਰਾਮਦ ਹੋਇਆ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਚੋਰੀ ਕੀਤਾ ਸਾਮਾਨ ਮਿਲਣ ਤੋਂ ਬਾਅਦ ਡਕੈਤੀ ਦੇ ਅਪਰਾਧ ਦਾ ਵੀ ਵਾਧਾ ਕਰ ਦਿੱਤਾ ਹੈ।

