ਗ਼ੈਰ-ਮਿਆਰੀ ਖਾਦ: ਫ਼ਾਜ਼ਿਲਕਾ ਪੁਲੀਸ ਵੱਲੋਂ ਖਾਦ ਡੀਲਰ ਖ਼ਿਲਾਫ਼ ਕੇਸ ਦਰਜ
ਚਰਨਜੀਤ ਭੁੱਲਰ
ਚੰਡੀਗੜ੍ਹ, 15 ਜੂਨ
ਫ਼ਾਜ਼ਿਲਕਾ ਪੁਲੀਸ ਨੇ ਆਖ਼ਰ ਭੇਤ-ਭਰੀ ਚੁੱਪ ਮਗਰੋਂ ਅਬੋਹਰ ਦੇ ਅਭਿਜੋਤ ਟਰੇਡਿੰਗ ਕੰਪਨੀ ਦੇ ਮਾਲਕ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਇਸ ਫ਼ਰਮ ’ਤੇ ਕਿਸਾਨਾਂ ਨੂੰ ਗੈਰ-ਮਿਆਰੀ ਡੀਏਪੀ ਖਾਦ ਦੇਣ ਦੇ ਦੋਸ਼ ਲੱਗੇ ਹਨ। ਖਾਦ ਦੇ ਲਏ ਦੋ ਨਮੂਨੇ ਵੀ ਫ਼ੇਲ੍ਹ ਹੋ ਗਏ ਸਨ।
ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਵਾਰ-ਵਾਰ ਐੱਸਐੱਸਪੀ ਤੱਕ ਪਹੁੰਚ ਕੀਤੀ ਸੀ ਪਰ ਪੁਲੀਸ ਨੇ ਪਾਸਾ ਵੱਟ ਰੱਖਿਆ। ਅਖੀਰ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਫ਼ਾਜ਼ਿਲਕਾ ਦੇ ਐੱਸਐੱਸਪੀ ਨੂੰ ਕਾਰਵਾਈ ਕਰਨ ਲਈ ਕਿਹਾ ਪਰ ਪੁਲੀਸ ਅਫ਼ਸਰਾਂ ਨੇ ਮੰਤਰੀ ਦੇ ਫ਼ੋਨ ਨੂੰ ਅਣਗੌਲਿਆਂ ਕਰ ਦਿੱਤਾ ਸੀ। ਜਦੋਂ ਫ਼ਾਜ਼ਿਲਕਾ ਪੁਲੀਸ ਦੀ ਨੀਅਤ ’ਤੇ ਸ਼ੱਕ ਜਾਪਿਆ ਤਾਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਬਾਬਤ ਡੀਜੀਪੀ ਨੂੰ ਪੱਤਰ ਲਿਖ ਕੇ ਫ਼ਾਜ਼ਿਲਕਾ ਪੁਲੀਸ ਦੀ ਸ਼ਿਕਾਇਤ ਕੀਤੀ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਮੰਗੀ। ਉਸ ਮਗਰੋਂ ਹੀ ਫ਼ਾਜ਼ਿਲਕਾ ਪੁਲੀਸ ਹਰਕਤ ਵਿੱਚ ਆ ਗਈ। ਥਾਣਾ ਸਦਰ ਅਬੋਹਰ ਵਿੱਚ ਬੀਐੱਨਐੱਸ ਦੀ ਧਾਰਾ 316(2) ਅਤੇ ਜ਼ਰੂਰੀ ਵਸਤਾਂ ਐਕਟ ਦੀ ਧਾਰਾ 7 ਦੇ ਤਹਿਤ ਅਭਿਜੋਤ ਟਰੇਡਿੰਗ ਕੰਪਨੀ ਅਬੋਹਰ ਦੇ ਮਾਲਕ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪਿੰਡ ਝੁਰੜ ਖੇੜਾ ਦੇ ਕਿਸਾਨ ਮਨਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਰਣਜੀਤ ਸਿੰਘ ਤੋਂ 100 ਥੈਲੇ ਡੀਏਪੀ ਖਾਦ ਦੇ ਲਏ ਸਨ ਅਤੇ ਇਸ ਖਾਦ ਦਾ ਡੀਲਰ ਵੱਲੋਂ ਕੋਈ ਬਿੱਲ ਨਹੀਂ ਦਿੱਤਾ ਗਿਆ ਸੀ। ਕਿਸਾਨਾਂ ਨੇ ਇੱਕ ਖੇਤੀ ਅਫ਼ਸਰ ’ਤੇ ਵੀ ਉਂਗਲ ਉਠਾਈ ਸੀ ਪਰ ਪੜਤਾਲ ’ਚ ਖੇਤੀ ਅਫ਼ਸਰ ਦੀ ਭੂਮਿਕਾ ਸਾਹਮਣੇ ਨਹੀਂ ਆਈ। ਖੇਤੀ ਵਿਭਾਗ ਨੇ ਕਿਸਾਨਾਂ ਵੱਲੋਂ ਖ਼ਰੀਦ ਕੀਤੀ ਡੀਏਪੀ ਖਾਦ ਦੇ ਦੋ ਨਮੂਨੇ ਭਰੇ ਗਏ ਸਨ ਜਿਨ੍ਹਾਂ ਦੀ ਫ਼ਰੀਦਕੋਟ ਦੀ ਖਾਦ ਪਰਖ ਪ੍ਰਯੋਗਸ਼ਾਲਾ ’ਚੋਂ ਜਾਂਚ ਕਰਾਈ ਗਈ।
ਜਾਂਚ ਵਿੱਚ ਖਾਦ ਦੇ ਦੋਵੇਂ ਨਮੂਨੇ ਫੇਲ੍ਹ ਹੋ ਗਏ ਸਨ। ਪੁਲੀਸ ਨੇ ਖਾਦ ਦੀ ਸਪਲਾਈ ’ਤੇ ਸ਼ੱਕ ਜ਼ਾਹਰ ਕੀਤਾ ਹੈ। ਦੇਖਣ ਵਿੱਚ ਆਇਆ ਹੈ ਕਿ ਖੇਤੀ ਵਿਭਾਗ ਅਤੇ ਪੁਲੀਸ ਵੱਲੋਂ ਹਾਲੇ ਤੱਕ ਕਿਤੇ ਵੀ ਇਹ ਗੱਲ ਨਸ਼ਰ ਨਹੀਂ ਕੀਤੀ ਗਈ ਹੈ ਕਿ ਗੈਰ-ਮਿਆਰੀ ਡੀਏਪੀ ਖਾਦ ਕਿਸ ਕੰਪਨੀ ਦੀ ਸੀ। ਕੁਝ ਮਾਮਲੇ ਹਾਲੇ ਵੀ ਸ਼ੱਕੀ ਜਾਪ
ਰਹੇ ਹਨ।
ਜ਼ਿਕਰਯੋਗ ਹੈ ਕਿ ਰਾਜਸਥਾਨ ’ਚ ਵੀ ਨਕਲੀ ਖਾਦ ਦਾ ਵੱਡਾ ਘਪਲਾ ਸਾਹਮਣੇ ਆਇਆ ਸੀ ਅਤੇ ਪੰਜਾਬ ਵਿੱਚ ਗੈਰ-ਮਿਆਰੀ ਖਾਦ ਵੀ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਅਬੋਹਰ ’ਚੋਂ ਹੀ ਮਿਲੀ ਹੈ। ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਵੀ ਇਸ ਮਾਮਲੇ ’ਤੇ ਆਵਾਜ਼ ਚੁੱਕੀ ਸੀ।