ਵਿਦਿਆਰਥੀਆਂ ਵਲੋਂ ਸੰਗਰੂਰ ਦੇ ਰਣਬੀਰ ਕਾਲਜ ਵਿਚ ਪ੍ਰਿੰਸੀਪਲ ਦਫ਼ਤਰ ਦਾ ਘਿਰਾਓ
ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਨਾ ਕਰਨ ਤੋਂ ਖਫ਼ਾ ਵਿਦਿਆਰਥੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਪ੍ਰਿੰਸੀਪਲ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਪਰ ਰੋਲ ਨੰਬਰ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਵਿਦਿਆਰਥੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਪ੍ਰਿੰਸੀਪਲ ਦਫ਼ਤਰ ਦਾ ਘਿਰਾਓ ਕਰ ਕੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਦੱਸਿਆ ਕਿ ਸੈਂਕੜੇ ਐੱਸ ਸੀ ਵਿਦਿਆਰਥੀਆਂ ਦੇ ਕਾਲਜ ਵੱਲੋਂ ਸਕਾਲਰਸ਼ਿਪ ਸਮੇਂ ਸਿਰ ਜਮ੍ਹਾਂ ਨਾ ਕਰਵਾਉਣ ਕਾਰਨ ਰੋਲ ਨੰਬਰ ਰੋਕੇ ਗਏ ਹਨ। ਵਿਦਿਆਰਥੀ ਪਿਛਲੇ ਦੋ ਹਫਤਿਆਂ ਤੋਂ ਰੋਲ ਨੰਬਰ ਜਾਰੀ ਕਰਵਾਉਣ ਨੂੰ ਲੈ ਕੇ ਕਾਲਜ ਪ੍ਰਿੰਸੀਪਲ ਅਤੇ ਕਲਰਕ ਨੂੰ ਮਿਲ ਕੇ ਰੋਲ ਨੰਬਰ ਜਾਰੀ ਕਰਨ ਦੀ ਮੰਗ ਕਰ ਰਹੇ ਹਨ ਪਰ ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਅੱਜ ਵਿਦਿਆਰਥੀ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਅਗਵਾਈ ਹੇਠ ਇਕੱਠੇ ਹੋਏ ਅਤੇ ਰੈਲੀ ਕਰਨ ਤੋਂ ਬਾਅਦ ਪ੍ਰਿੰਸੀਪਲ ਅਤੇ ਉਪ ਪ੍ਰਿੰਸੀਪਲ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਭਲਾਈ ਵਿਭਾਗ ਵੱਲੋਂ ਫੀਸ ਦੇ ਕਾਰਨ ਕਿਸੇ ਵੀ ਐੱਸ ਸੀ ਵਿਦਿਆਰਥੀ ਦੀ ਡਿਗਰੀ, ਡੀ ਐੱਮ ਸੀ ਤੇ ਰੋਲ ਨੰਬਰ ਨਾ ਰੋਕਣ ਸਬੰਧੀ ਲੈਟਰ ਜਾਰੀ ਕੀਤੇ ਹੋਏ ਹਨ ਪ੍ਰੰਤੂ ਕਾਲਜ ਪ੍ਰਸ਼ਾਸਨ ਇਨ੍ਹਾਂ ਪੱਤਰਾਂ ਦੀਆਂ ਧੱਜੀਆਂ ਉਡਾ ਰਿਹਾ ਸੀ , ਇਸ ਕਰਕੇ ਅੱਜ ਵਿਦਿਆਰਥੀਆਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਂਦੇ ਉਦੋਂ ਤੱਕ ਘਿਰਾਓ ਜਾਰੀ ਰਹੇਗਾ। ਇਸ ਮੌਕੇ ਵਿਦਿਆਰਥੀ ਆਗੂ ਲਵਪ੍ਰੀਤ ਮਹਿਲਾਂ, ਅੰਮ੍ਰਿਤ ਬਾਲਦ ਕਲਾਂ, ਬਜਿੰਦਰ ਖੇੜੀ, ਜੁਗਰਾਜ ਸਿੰਘ ਸੁਨਾਮ, ਵੀਰਪਾਲ ਹੀਰੋ ਕਲਾਂ ਆਦਿ ਮੌਜੂਦ ਸਨ।
ਧਰਨੇ ਵਿਚ ਪੁੱਜ ਕੇ ਕਾਲਜ ਦੇ ਉਪ ਪ੍ਰਿੰਸੀਪਲ ਮੋਨਿਕਾ ਸੇਠੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਫੀਸ ਜਮ੍ਹਾਂ ਨਾ ਹੋਣ ਜਾਂ ਫੀਸ ਕੰਨਫਰਮ ਨਾ ਹੋਣ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਪੇਪਰ ਦੇਣ ਤੋਂ ਨਹੀਂ ਰੋਕਿਆ ਜਾਵੇਗਾ। ਇਸ ਸਬੰਧ ਵਿੱਚ ਕਾਲਜ ਪ੍ਰਿੰਸੀਪਲ ਰੋਮੀ ਗਰਗ ਨੇ ਕਿਹਾ ਕਿ ਕਾਲਜ ਵਿੱਚ ਐੱਸ ਸੀ ਵਿਦਿਆਰਥੀਆਂ ਨੂੰ ਫੀਸ ਜਮ੍ਹਾਂ ਕਰਾਉਣ ਲਈ ਵਾਰ ਵਾਰ ਨੋਟਿਸ ਲਗਾਇਆ ਗਿਆ ਸੀ ਪਰ ਕਈ ਵਿਦਿਆਰਥੀਆਂ ਨੇ ਸਮੇਂ ਸਿਰ ਫੀਸ ਜਮ੍ਹਾਂ ਨਹੀਂ ਕਰਵਾਈ ਅਤੇ 17 ਨਵੰਬਰ ਫੀਸ ਜਮ੍ਹਾਂ ਕਰਾਉਣ ਦੀ ਆਖ਼ਰੀ ਤਾਰੀਖ ਸੀ ਜਿਸ ਕਾਰਨ ਹੀ ਸਮੱਸਿਆ ਪੈਦਾ ਹੋਈ ਹੈ।
