ਸ਼ੂਟਿੰਗ ਰੇਂਜ ’ਚ ਗੋਲੀਆਂ ਲੱਗਣ ਕਾਰਨ ਵਿਦਿਆਰਥੀ ਜ਼ਖ਼ਮੀ
ਯੂਨੀਰਾਈਜ਼ ਸਕੂਲ ਵਿੱਚ ਪ੍ਰੈਕਟਿਸ ਦੌਰਾਨ ਵਾਪਰੀ ਘਟਨਾ; ਸਟਾਫ ਨੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ
ਯੂਨੀਰਾਈਜ਼ ਸਕੂਲ ਵਿੱਚ ਸ਼ੂਟਿੰਗ ਰੇਂਜ ਵਿੱਚ ਪ੍ਰੈਕਟਿਸ ਕਰਦੇ ਸਮੇਂ ਅਚਾਨਕ ਚੱਲੀਆਂ ਦੋ ਗੋਲੀਆਂ ਕਾਰਨ ਗਿਆਰ੍ਹਵੀਂ ਦਾ ਵਿਦਿਆਰਥੀ ਜ਼ਖ਼ਮੀ ਹੋ ਗਿਆ। ਯੂਨੀਰਾਈਜ਼ ਸਕੂਲ ਦੀ ਸ਼ੂਟਿੰਗ ਰੇਂਜ ਵਿੱਚ ਨਿਸ਼ਾਨੇ ਲਾਉਣ ਦੀ ਪ੍ਰੈਕਟਿਸ ਕਰਨ ਵਾਲੇ ਵਿਦਿਆਰਥੀ ਜਸਮੀਤ ਸਿੰਘ (16) ਦੇ ਦੋ ਗੋਲੀਆਂ ਲੱਗ ਗਈਆਂ। ਸਕੂਲ ਦੀ ਪ੍ਰਬੰਧਕੀ ਟੀਮ ਵਿਦਿਆਰਥੀ ਨੂੰ ਜ਼ਖ਼ਮੀ ਹਾਲਤ ਵਿੱਚ ਕਲਿਆਣੀ ਹਸਪਤਾਲ ਲੈ ਗਈ ਜਿੱਥੇ ਸਟਾਫ਼ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕਰਨ ਲਈ ਆਖਿਆ ਪਰ ਉਹ ਵਿਦਿਆਰਥੀ ਨੂੰ ਉੱਥੋਂ ਬਿਨਾਂ ਦੱਸੇ ਕਿਸੇ ਹੋਰ ਹਸਪਤਾਲ ਲੈ ਗਏ। ਕਲਿਆਣੀ ਹਸਪਤਾਲ ਦੇ ਡਾ. ਦੀਪਕ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਲਿਆਂਦੇ ਗਏ ਵਿਦਿਆਰਥੀ ਦੇ ਏਅਰਗੰਨ ਦੀ ਗੋਲੀ ਪੱਟ ਜਦਕਿ ਦੂਜੀ ਪੈਰ ਵਿੱਚ ਲੱਗੀ ਹੋਈ ਸੀ। ਘਟਨਾ ਬਾਰੇ ਪਤਾ ਲੱਗਣ ’ਤੇ ਡੀ ਐੱਸ ਪੀ ਸਾਗਰ ਬਿਨਾਲ ਅਤੇ ਇੰਸਪੈਕਟਰ ਪਰਮਿੰਦਰ ਸਿੰਘ ਸਕੂਲ ਪਹੁੰਚੇ। ਦੋਵਾਂ ਅਧਿਕਾਰੀਆਂ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਘਟਨਾ ਸਥਾਨ ਦਾ ਦੌਰਾ ਕੀਤਾ।
ਵਿਦਿਆਰਥੀ ਪੂਰੀ ਤਰ੍ਹਾਂ ਠੀਕ ਹੈ: ਡਾਇਰੈਕਟਰ
ਡਾਇਰੈਕਟਰ ਸ਼ਿਫੂ ਅਗਰਵਾਲ ਨੇ ਆਖਿਆ ਕਿ ਸ਼ੂਟਿੰਗ ਰੇਂਜ ਵਿੱਚ ਯੋਗ ਅਧਿਆਪਕਾਂ ਵੱਲੋਂ ਪ੍ਰੈਕਟਿਸ ਕਰਵਾਈ ਜਾਂਦੀ ਹੈ, ਜਿਸ ਦੌਰਾਨ ਵਿਦਿਆਰਥੀ ਜ਼ਖ਼ਮੀ ਹੋ ਗਿਆ। ਉਸ ਨੂੰ ਉਸ ਦੇ ਮਾਪੇ ਆਪਣੇ ਨਾਲ ਲੈ ਗਏ ਹਨ ਅਤੇ ਵਿਦਿਆਰਥੀ ਪੂਰੀ ਤਰ੍ਹਾਂ ਠੀਕ ਹੈ।
ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ: ਡੀ ਐੱਸ ਪੀ
ਸਕੂਲ ਵਿੱਚ ਪੁੱਜੇ ਡੀ ਐੱਸ ਪੀ ਸਾਗਰ ਬਿਨਾਲ ਨੇ ਆਖਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ੂਟਿੰਗ ਕੋਚ, ਪ੍ਰਿੰਸੀਪਲ ਤੇ ਵਿਦਿਆਰਥੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਦੀ ਤਹਿ ਤੱਕ ਜਾਣ ਲਈ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

