ਬਠਿੰਡਾ ਰੋਡ ’ਤੇ ਸੰਘਰਸ਼ਸ਼ੀਲ ਕਿਸਾਨਾਂ ਨੇ ਟੈਂਟ ਗੱਡੇ, ਧਰਨਾ ਸ਼ੁਰੂ

ਬਠਿੰਡਾ ਰੋਡ ’ਤੇ ਸੰਘਰਸ਼ਸ਼ੀਲ ਕਿਸਾਨਾਂ ਨੇ ਟੈਂਟ ਗੱਡੇ, ਧਰਨਾ ਸ਼ੁਰੂ

ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 26 ਨਵੰਬਰ

ਦਿੱਲੀ ਨਾ ਜਾਣ ਦੇਣ ਕਰਕੇ ਬਠਿੰਡਾ ਰੋਡ ਪੰਜਾਬ-ਹਰਿਆਣਾ ਹੱਦ 'ਤੇ ਭਾਕਿਯੂ ਏਕਤਾ ਉਗਰਾਹਾਂ ਦਾ ਪੱਕਾ ਮੋਰਚਾ-ਕਮ-ਧਰਨਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਵੱਲੋਂ ਹੱਦ 'ਤੇ ਰੋਕਾਂ ਤੋੜਨ ਅਗਾਂਹ ਲੰਘਣ ਦੀ ਬਜਾਇ ਜੂਹ 'ਤੇ ਪੱਕਾ ਧਰਨਾ ਸ਼ੁਰੂ ਕਰਨ ਨਾਲ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਹਾਲਾਂਕਿ ਸਰਹੱਦ 'ਤੇ ਦੋਵਾਂ ਧਿਰਾਂ ਵੱਲੋਂ ਆਹਮੋ-ਸਾਹਮਣੇ ਦੀ ਖਿੱਚੋਤਾਣ ਬਣੀ ਹੋਈ ਹੈ। ਪੰਜਾਬ ਦੇ ਨੇੜਲੇ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਵੱਡੀ ਗਿਣਤੀ ਭਰਵੇਂ ਕਾਫਲੇ ਧਰਨੇ ਵਿਚ ਪੁੱਜ ਚੁੱਕੇ ਹਨ। ਡੱਬਵਾਲੀ ਹਲਕੇ ਤੋਂ ਵੱਡੀ ਗਿਣਤੀ ਕਿਸਾਨ ਮੋਰਚੇ ਵਿਚ ਕਾਫਲੇ ਦੇ ਰੂਪ ਵਿਚ ਹੁੰਮ ਹੁੰਮਾ ਕੇ ਪੁੱਜੇ ਹਨ। ਦੂਰ-ਦੁਰਾਡੇ ਬਾਕੀ ਜ਼ਿਲ੍ਹਿਆਂ ਦੇ ਕਿਸਾਨੀ ਕਾਫਲੇ ਪੁੱਜਣ ਦਾ ਸਿਲਸਿਲਾ ਜਾਰੀ ਹੈ। ਸ਼ੁਰੂਆਤੀ ਤੌਰ 'ਤੇ ਸਟੇਜ ਤੋਂ ਢਾਡੀ ਜਥੇ ਅਤੇ ਕਿਸਾਨ ਵੀਰ-ਰਸ ਦੀ ਗਾਇਕੀ ਨਾਲ ਕਿਸਾਨਾਂ ਵਿਚ ਲੋਕਤੰਤਰਿਕ ਹੱਕਾਂ ਪ੍ਰਤੀ ਜੋਸ਼ ਭਰ ਰਹੇ ਸਨ। ਲੰਮੇ ਅਤੇ ਵਿਉਂਤਬੱਧ ਸੰਘਰਸ਼ ਲੋੜੀਂਦਾ ਸਾਮਾਨ ਵੀ ਪਹੁੰਚ ਗਿਆ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਵੀ ਕੱਲ੍ਹ ਸੂਬੇ ਦੀਆਂ ਵੱਖ ਵੱਖ ਹੱਦਾਂ 'ਤੇ ਕਿਸਾਨਾਂ ਵੱਲੋਂ ਤੋੜੇ ਬੈਰੀਕੇਡਾਂ ਕਰਕੇ ਬਠਿੰਡਾ ਰੋਡ ਹੱਦ ਉੱਪਰ ਅੱਜ ਪੱਥਰਾਂ ਦੀ ਗਿਣਤੀ ਵਧਾ ਦਿੱਤੀ ਅਤੇ ਸੜਕ 'ਤੇ ਦੋ ਵੱਡੇ ਟਰੱਕ-ਟਰਾਲੇ ਟਾਇਰਾਂ ਦੀ ਹਵਾ ਕੱਢ ਕੇ ਖੜ੍ਹਾ ਦਿੱਤੇ। ਅੱਜ ਕਿਸਾਨਾਂ ਦੇ ਮੁੱਖ ਸੰਘਰਸ਼ ਕਾਰਨ ਵੱਡੀ ਗਿਣਤੀ ਪੁਲੀਸ ਅਮਲਾ ਤਾਇਨਾਤ ਕੀਤਾ ਹੋਇਆ ਹੈ। ਭਾਕਿਯੂ ਏਕਤਾ ਉਗਰਾਹਾਂ ਵਲੋਂ ਹੱਦ 'ਤੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਘਰਸ਼ੀ ਕਾਫਲੇ ਦੇ ਇੰਚਾਰਜ ਝੰਡਾ ਸਿੰਘ ਜੇਠੂਕੇ ਅਤੇ ਸਮਰਥਨ ਕਮੇਟੀ ਦੇ ਆਗੂ ਲਛਮਣ ਸਿੰਘ ਸੇਵੇਵਾਲਾ ਵੀ ਪੁੱਜ ਚੁੱਕੇ ਹਨ। ਬੀਤੀ ਰਾਤ ਇਥੇ ਵਰ੍ਹਦੇ ਮੀਂਹ ਵਿਚ ਕਿਸਾਨਾਂ ਨੇ ਟਰਾਲੀਆਂ ਵਿਚ ਬੈਠ ਕੇ ਸੰਘਰਸ਼ ਦੀ ਲੋਅ ਵਲਦੀ ਰੱਖੀ। ਯੂਨੀਅਨ ਨੇ ਸੁਚੱਜੀ ਮੀਡੀਆ ਕਵਰੇਜ ਲਈ ਡਰੋਨ ਕੈਮਰੇ ਦਾ ਇੰਤਜ਼ਾਮ ਵੀ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All