ਮਾਈਸਰਖਾਨਾ 'ਚ JK Cement ਪਲਾਂਟ ਵਿਰੁੱਧ ਜਨਤਕ ਸੁਣਵਾਈ ਦੌਰਾਨ ਡਟਵਾਂ ਵਿਰੋਧ
ਪਿੰਡ ਮਾਈਸਰਖਾਨਾ ਵਿੱਚ ਪ੍ਰਸਤਾਵਿਤ ਜੇ ਕੇ ਸੀਮਿੰਟ ਪਲਾਂਟ ਸਬੰਧੀ ਕਰਵਾਈ ਗਈ ਜਨਤਕ ਸੁਣਵਾਈ ਦੌਰਾਨ ਇਲਾਕਾ ਵਾਸੀਆਂ, ਕਿਸਾਨ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਪ੍ਰੋਜੈਕਟ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਐਡੀਸ਼ਨਲ ਡਿਪਟੀ ਕਮਿਸ਼ਨਰ ਕੰਚਨ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਸੁਣਵਾਈ ਵਿੱਚ ਐੱਸ...
ਪਿੰਡ ਮਾਈਸਰਖਾਨਾ ਵਿੱਚ ਪ੍ਰਸਤਾਵਿਤ ਜੇ ਕੇ ਸੀਮਿੰਟ ਪਲਾਂਟ ਸਬੰਧੀ ਕਰਵਾਈ ਗਈ ਜਨਤਕ ਸੁਣਵਾਈ ਦੌਰਾਨ ਇਲਾਕਾ ਵਾਸੀਆਂ, ਕਿਸਾਨ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਪ੍ਰੋਜੈਕਟ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਐਡੀਸ਼ਨਲ ਡਿਪਟੀ ਕਮਿਸ਼ਨਰ ਕੰਚਨ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਸੁਣਵਾਈ ਵਿੱਚ ਐੱਸ ਡੀ ਐੱਮ ਮੌੜ ਗੁਰਬਿੰਦਰ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਅਤੇ ਜੇ ਕੇ ਸੀਮਿੰਟ ਪਲਾਂਟ ਦੀ ਨੁਮਾਇੰਦਗੀ ਕਰ ਰਹੀ ਸ਼ਿਵਾਨੀ ਗੁਪਤਾ ਸਮੇਤ ਕੰਪਨੀ ਦਾ ਹੋਰ ਸਟਾਫ਼ ਮੌਜੂਦ ਸੀ।
ਸੁਣਵਾਈ ਦੌਰਾਨ ਲੋਕਾਂ ਨੇ ਕੰਪਨੀ ਦੇ ਅਧਿਕਾਰੀਆਂ 'ਤੇ ਵਾਤਾਵਰਨ, ਲੋਕਾਂ ਦੀ ਸਿਹਤ, ਭੂਮੀਗਤ ਪਾਣੀ ਅਤੇ ਆਵਾਜਾਈ ਨਾਲ ਸਬੰਧਤ ਤਿੱਖੇ ਸਵਾਲਾਂ ਦੀ ਬੌਛਾਰ ਕਰ ਦਿੱਤੀ। ਕੰਪਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਲਾਂਟ ਲਈ 70 ਫ਼ੀਸਦੀ ਆਵਾਜਾਈ ਰੇਲਵੇ ਤੇ 30 ਫ਼ੀਸਦੀ ਸੜਕ ਰਾਹੀਂ ਹੋਵੇਗੀ ਅਤੇ ਰੋਜ਼ਾਨਾ ਕਰੀਬ 290 ਟਰੱਕਾਂ ਦੀ ਆਵਾਜਾਈ ਰਹੇਗੀ। ਪਰ ਇਸ ਦੌਰਾਨ ਹਾਜ਼ਰ ਲੋਕਾਂ ਨੇ ਇਨ੍ਹਾਂ ਦਲੀਲਾਂ ਨੂੰ ਗ਼ੈਰ-ਤਸੱਲੀਬਖ਼ਸ਼ ਦੱਸਿਆ।
ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਅਤੇ ਵਾਤਾਵਰਨ ਸੁਰੱਖਿਆ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਪ੍ਰੋਜੈਕਟ ਦੀ ਯੋਗਤਾ 'ਤੇ ਸਵਾਲ ਖੜ੍ਹੇ ਕੀਤੇ। ਇਸ ਦੌਰਾਨ ਪੰਜਾਬੀ ਭਾਸ਼ਾ ਦਾ ਮੁੱਦਾ ਵੀ ਭਖਿਆ ਰਿਹਾ। ਜਦੋਂ ਕੰਪਨੀ ਦੇ ਕੁਝ ਅਧਿਕਾਰੀਆਂ ਨੇ ਪੰਜਾਬੀ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਹਿੰਦੀ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਸਖ਼ਤ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਜਵਾਬ ਪੰਜਾਬੀ ਵਿੱਚ ਦੇਣੇ ਪਏ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਲਜੀਤ ਸਿੰਘ ਅਤੇ ਹਰਮਨਜੀਤ ਸਿੰਘ ਵੱਲੋਂ ਵੀ ਸਵਾਲਾਂ ਦੇ ਜਵਾਬ ਦਿੱਤੇ ਗਏ, ਪਰ ਕਈ ਲੋਕ ਉਨ੍ਹਾਂ ਦੇ ਜਵਾਬਾਂ ਤੋਂ ਵੀ ਸੰਤੁਸ਼ਟ ਨਹੀਂ ਦਿਖਾਈ ਦਿੱਤੇ। ਕੁਝ ਬੁਲਾਰਿਆਂ ਨੇ ਦੋਸ਼ ਲਾਇਆ ਕਿ ਬੋਰਡ ਵਾਤਾਵਰਨ ਦੀ ਰੱਖਿਆ ਕਰਨ ਦੀ ਬਜਾਏ ਕੰਪਨੀ ਦਾ ਪੱਖ ਪੂਰਦਾ ਨਜ਼ਰ ਆ ਰਿਹਾ ਹੈ।
ਇਸ ਮੌਕੇ ਸਮਾਜ ਸੇਵੀ ਅਮਿਤੋਜ ਸਿੰਘ ਮਾਨ, ਲਖਵੀਰ ਸਿੰਘ ਲੱਖਾ ਸਿਧਾਣਾ, ਮਨਦੀਪ ਸਿੰਘ ਸਿੱਧੂ ਅਤੇ ਬੀ ਕੇ ਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ ਸਮੇਤ ਕਈ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪਲਾਂਟ ਦਾ ਡਟਵਾਂ ਵਿਰੋਧ ਕੀਤਾ। ਜਨਤਕ ਸੁਣਵਾਈ ਦੇ ਅੰਤ ਵਿੱਚ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪ੍ਰੋਜੈਕਟ ਦਾ ਸਮੂਹਿਕ ਬਾਈਕਾਟ ਕਰਨ ਦਾ ਐਲਾਨ ਕੀਤਾ।
