ਗੁਰਬਖਸ਼ਪੁਰੀ
ਤਰਨ ਤਾਰਨ, 7 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨ ਤਾਰਨ ਜ਼ਿਲ੍ਹੇ ਦਾ ਦੌਰਾ ਕਰਕੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਰਾਸ਼ੀ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਵੀ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਹਿਰੀਲੀ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਗੀਨ ਜੁਰਮ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਪਰਿਵਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਤ੍ਰਾਸਦੀ ਵਿੱਚ ਜਿਨ੍ਹਾਂ ਪੀੜਤਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ, ਉਨ੍ਹਾਂ ਨੂੰ ਵੀ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ। ਮੁੱਖ ਮੰਤਰੀ ਨੇ 92 ਪੀੜਤ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਲਈ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ 2.92 ਕਰੋੜ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਇਸ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਮੌਤਾਂ ਨੂੰ ਕਤਲ ਕਰਾਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕ ਰਹਿਮ ਦੇ ਹੱਕਦਾਰ ਨਹੀਂ ਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਫਿਰ ਭਾਵੇਂ ਉਹ ਕਿੰਨੇ ਹੀ ਅਸਰ-ਰਸੂਖ ਵਾਲੇ ਕਿਉਂ ਨਾ ਹੋਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਲਈ ਵਿਸ਼ੇਸ਼ ਪੈਰਵੀ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ ਤੇ ਜ਼ਿੰਮੇਵਾਰ ਲੋਕਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਤਾਂ ਜੋ ਭਵਿੱਖ ਵਿੱਚ ਹੋਰਾਂ ਨੂੰ ਸਬਕ ਮਿਲ ਸਕੇ।
ਇਸ ਸੰਵੇਦਨਸ਼ੀਲ ਮੁੱਦੇ ’ਤੇ ਸਿਆਸਤ ਨਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਰੁਜ਼ਗਾਰ ਦੇਣ, ਸਿੱਖਿਆ ਤੇ ਸਮਾਜਿਕ ਸੁਰੱਖਿਆ ਲਾਭ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ ਸੂਬੇ ਵਿੱਚ ਸ਼ਰਾਬ ਮਾਫੀਏ ਦੇ ਪੈਰ ਪਸਾਰਨ ਵਿੱਚ ਪੁਸ਼ਤਪਨਾਹੀ ਕੀਤੀ ਅਤੇ ਇਸੇ ਕਰਕੇ ਇਹ ਦੁਖਾਂਤ ਵੱਡੇ ਪੱਧਰ ’ਤੇ ਵਾਪਰਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਇਹ ਦੁਖਾਂਤ ਅਪਰਾਧਿਕ ਲਾਪ੍ਰਵਾਹੀ ਦਾ ਸਿੱਟਾ ਹੈ ਤੇ ਇਸ ਜੁਰਮ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲ ਕੇ ਰਹੇਗੀ।ਇਸ ਮੌਕੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਗਿੱਲ (ਡਿੰਪਾ), ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਰਮਨਜੀਤ ਸਿੰਘ ਸਿੱਕੀ, ਸੰਤੋਖ ਸਿੰਘ ਭਲਾਈਪੁਰ, ਹਰਮਿੰਦਰ ਸਿੰਘ ਗਿੱਲ, ਸੁਖਪਾਲ ਸਿੰਘ ਭੁੱਲਰ ਅਤੇ ਇੰਦਰਬੀਰ ਸਿੰਘ ਬੁਲਾਰੀਆ ਤੋਂ ਇਲਾਵਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਹਾਜ਼ਰ ਸਨ।
ਮੁੱਖ ਮੰਤਰੀ ਦੀ ਫੇਰੀ ਮੌਕੇ ਅਕਾਲੀਆਂ ਵੱਲੋਂ ਪ੍ਰਦਰਸ਼ਨ
ਤਰਨ ਤਾਰਨ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਤਰਨ ਤਾਰਨ ਫੇਰੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਨੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਰੋਸ ਵਿਖਾਵਾ ਕੀਤਾ। ਇਸ ਦੌਰਾਨ ਅਕਾਲੀ ਵਰਕਰਾਂ ਨੇ ਕੈਪਟਨ ਅਤੇ ਪੀੜਤ ਪਰਿਵਾਰਾਂ ਦੀ ਮਿਲਣੀ ਵਾਲੇ ਸਥਾਨ ’ਤੇ ਜਾਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਦੌਰਾਨ ਪੁਲੀਸ ਅਤੇ ਅਕਾਲੀਆਂ ਵਿਚਾਲੇ ਖਿੱਚੋਤਾਣ ਵੀ ਹੋਈ। ਅਕਾਲੀ ਵਰਕਰਾਂ ਦੀ ਅਗਵਾਈ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ , ਸ਼੍ਰੋਮਣੀ ਕਮੇਟੀ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕੀਤੀ। ਇਸ ਦੌਰਾਨ ਸ੍ਰੀ ਵਲਟੋਹਾ ਨੇ ਕਿਹਾ ਕਿ ਪੁਲੀਸ ਨੇ ਅਕਾਲੀ ਵਰਕਰਾਂ ’ਤੇ ਲਾਠੀਚਾਰਜ ਵੀ ਕੀਤਾ ਹੈ, ਜਿਸ ਕਾਰਨ ਚਾਰ ਅਕਾਲੀ ਵਰਕਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਮੁੱਖ ਮੰਤਰੀ ਨੂੰ ਮਿਲ ਕੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਵੱਲੋਂ ਦਰਜ ਕਰਾਏ ਬਿਆਨਾਂ ਅਨੁਸਾਰ ਕਾਰਵਾਈ ਕੀਤੇ ਜਾਣ ਦੀ ਮੰਗ ਕਰਨੀ ਚਾਹੁੰਦੇ ਸਨ। ਪਰ ਪੁਲੀਸ ਨੇ ਉਨ੍ਹਾਂ ਨੂੰ 500 ਮੀਟਰ ਪਿਛੇ ਰੋਕ ਲਿਆ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਅਤੇ ਉਸ ਦੇ ਪੀਏ ਜਰਮਨਜੀਤ ਸਿੰਘ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਾਉਣਾ ਚਾਹੁੰਦੇ ਹਨ। ਇਸ ਸਬੰਧੀ ਚਾਰ ਦਿਨ ਪਹਿਲਾਂ ਕੁਝ ਪਰਿਵਾਰਾਂ ਨੇ ਤਰਨ ਤਾਰਨ ਦੇ ਥਾਣਾ ਸਦਰ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਮੌਕੇ ਇਕਬਾਲ ਸਿੰਘ ਸੰਧੂ, ਕੁਲਦੀਪ ਸਿੰਘ ਔਲਖ, ਰਮਨਦੀਪ ਸਿੰਘ ਭਰੋਵਾਲ, ਗੁਰਸੇਵਕ ਸਿੰਘ ਨੇ ਵੀ ਸੰਬੋਧਨ ਕੀਤਾ।