ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 20 ਸਤੰਬਰ
ਕੂੰਮਕਲਾਂ ਅਧੀਨ ਪੈਂਦੇ ਪਿੰਡ ਰਜ਼ੂਲ ਨੇੜੇ ਖੇਤ ਮਜ਼ਦੂਰ ਦਲੀਪ ਵਾਸੀ ਚਰਨ ਗਹੀਆ, ਬਲਰਾਮਪੁਰ (ਉੱਤਰ ਪ੍ਰਦੇਸ਼) ਦੀ ਲਾਸ਼ ਅੱਜ ਸੜਕ ਕਿਨਾਰੇ ਖੇਤਾਂ ਵਿਚ ਮਿਲੀ। ਉਸ ਦੇ ਸਰੀਰ ਦੇ ਅੰਗਾਂ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ ਹੋਇਆ ਸੀ। ਜਾਣਕਾਰੀ ਅਨੁਸਾਰ ਦਲੀਪ ਪਿੰਡ ਹਾੜੀਆਂ ਵਿੱਚ ਪਤਨੀ ਨਾਲ ਰਹਿੰਦਾ ਸੀ ਅਤੇ ਨੇੜੇ ਹੀ ਪਿੰਡ ਪ੍ਰਿਥੀਪੁਰ ਵਿੱਚ ਇੱਕ ਕਿਸਾਨ ਦੇ ਖੇਤਾਂ ਵਿਚ ਕੰਮ ਕਰਦਾ ਸੀ। ਜਾਣਕਾਰੀ 14 ਸਤੰਬਰ ਦੀ ਸ਼ਾਮ ਨੂੰ ਉਹ ਕਿਸਾਨ ਦਾ ਮੋਟਰਸਾਈਕਲ ਲੈ ਕੇ ਪਿੰਡ ਰਜ਼ੂਲ ਨੇੜੇ ਖੇਤਾਂ ਵਿਚ ਕੰਮ ਕਰਨ ਲਈ ਗਿਆ ਪਰ ਘਰ ਨਾ ਪਰਤਿਆ। ਬੀਤੀ ਰਾਤ ਉਸ ਦੀ ਲਾਸ਼ ਸੜਕ ਕਿਨਾਰੇ ਖੇਤਾਂ ਵਿਚ ਮਿਲੀ। ਮੌਕੇ ’ਤੇ ਜਾਂਚ ਲਈ ਪੁੱਜੇ ਕੂੰਮਕਲਾਂ ਦੇ ਸਹਾਇਕ ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਇੰਝ ਜਾਪ ਰਿਹਾ ਸੀ ਕਿ ਇਹ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਜ਼ੂਲ ਤੋਂ ਪਿੰਡ ਪ੍ਰਿਥੀਪੁਰ ਵੱਲ ਜਾ ਰਿਹਾ ਸੀ ਕਿ ਅਚਾਨਕ ਮੋੜ ਤੋਂ ਉਹ ਖੇਤਾਂ ਵਿਚ ਡਿੱਗ ਗਿਆ। ਪੁਲੀਸ ਅਨੁਸਾਰ ਖੇਤ ਸੜਕ ਤੋਂ ਕਾਫ਼ੀ ਨੀਵੇਂ ਹੋਣ ਕਾਰਨ ਇਸ ਹਾਦਸੇ ਦਾ ਕੋਈ ਪਤਾ ਨਾ ਲੱਗ ਸਕਿਆ। ਜਦੋਂ ਲਾਸ਼ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਤਾਂ ਆਵਾਰਾ ਕੁੱਤਿਆਂ ਨੇ ਉਸ ਦੇ ਸਰੀਰ ਦੇ ਕੁੱਝ ਅੰਗਾਂ ਨੂੰ ਨੋਚ-ਨੋਚ ਕੇ ਖਾਧਾ ਹੋਇਆ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗੇਗਾ। ਪੁਲੀਸ ਨੇ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਉਸ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ, ਜਿਨ੍ਹਾਂ ਦੇ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।