ਕੁਲਵੰਤ ਸਿੰਘ ਵਿਰਕ ਨੂੰ ਸਮਰਪਿਤ ਕਹਾਣੀ ਸਮਾਗਮ
ਭਾਸ਼ਾ ਵਿਭਾਗ ਵੱਲੋਂ ਕਰਵਾਏ ਸਮਾਗਮ ’ਚ ਅਜਮੇਰ ਸਿੱਧੂ ਤੇ ਸਾਂਵਲ ਧਾਮੀ ਦੀਆਂ ਕਹਾਣੀਆਂ ਦਾ ਪਾਠ ਕਰਵਾਇਆ ਗਿਆ
ਗੁਰਨਾਮ ਸਿੰਘ ਅਕੀਦਾ
ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਪ੍ਰਸਿੱਧ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਯਾਦ ਨੂੰ ਸਮਰਪਿਤ ਕਹਾਣੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਦੋ ਪ੍ਰਸਿੱਧ ਸਮਕਾਲੀ ਕਹਾਣੀਕਾਰਾਂ ਅਜਮੇਰ ਸਿੱਧੂ ਅਤੇ ਸਾਂਵਲ ਧਾਮੀ ਦੀਆਂ ਕਹਾਣੀਆਂ ਦਾ ਪਾਠ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਸੁਰਜੀਤ ਸਿੰਘ ਨੇ ਕੀਤੀ।
ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਹਾਣੀਕਾਰਾਂ, ਵਿਦਵਾਨਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦੀ ਵਿਸ਼ੇਸ਼ਤਾ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਕਹਾਣੀਕਾਰ ਅਜਮੇਰ ਸਿੱਧੂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ ਨਾਲ ਸਬੰਧਤ ਆਪਣੀ ਕਹਾਣੀ ‘ਬਰਫ਼ ਦੀ
ਬੁਲਬੁਲ’ ਪੜ੍ਹੀ।
ਸਾਂਵਲ ਧਾਮੀ ਨੇ ਪੰਜਾਬ ਦੀ ਵੰਡ ਨਾਲ ਸਬੰਧਤ ਆਪਣੀ ਕਹਾਣੀ ‘ਗਰਾਈਂ’ ਪੜ੍ਹੀ। ਡਾ. ਸੁਰਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕੁਲਵੰਤ ਸਿੰਘ ਵਿਰਕ ਬਾਰੇ ਕਿਹਾ ਕਿ ਪੰਜਾਬੀ ਦੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਵਿਰਕ ਦਾ ਸਥਾਨ ਮੀਲ ਪੱਥਰ ਵਾਂਗ ਹੈ। ਇਸ ਮੌਕੇ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ, ਸਾਬਕਾ ਆਈ ਆਰ ਐੱਸ ਹਰਜੀਤ ਸਿੰਘ ਸੋਹੀ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਬਲਦੇਵ ਸਿੰਘ ਧਾਲੀਵਾਲ, ਸਾਬਕਾ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ ਤੇ ਡਾ. ਮਨਜਿੰਦਰ ਸਿੰਘ ਹਾਜ਼ਰ ਸਨ।

