ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਫੂਕੇ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ

ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਫੂਕੇ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ

 ਰਾਜਿੰਦਰ ਵਰਮਾ

ਭਦੌੜ, 17 ਅਕਤੂਬਰ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਸੈਂਕੜੇ ਟਰੈਕਟਰਾਂ ਨਾਲ ਭਦੌੜ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਭਦੌੜ ਦੇ ਮੁੱਖ ਚੌਕ ਤਿੰਨਕੋਣੀ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਿਲਾਇੰਸ ਮਾਲਕ ਮੁਕੇਸ਼ ਅੰਬਾਨੀ ਅਤੇ ਕਾਰੋਬਾਰੀ ਅਡਾਨੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਭੋਲਾ ਸਿੰਘ ਛੰਨਾ ਅਤੇ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ, ਕਾਂਗਰਸੀ, ਭਾਜਪਾ ਸਭ ਮਿਲੇ ਹੋਏ ਹਨ। ਸਾਰੀਆਂ ਪਾਰਟੀਆਂ ਨੂੰ 2022 ਦੀਆਂ ਚੋਣਾਂ ਦਿਖ ਰਹੀਆਂ ਹਨ ਤੇ ਇਸ ਕਰਕੇ ਥੋੜ੍ਹੇ ਮੋਟੇ ਡਰਾਮੇ ਕਰ ਰਹੇ ਹਨ, ਜਦਕਿ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਦਾ ਫਿਕਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੀ ਲਪੇਟ ਵਿੱਚ ਕਿਸਾਨਾਂ ਤੋਂ ਇਲਾਵਾ ਛੋਟੇ ਦੁਕਾਨਦਾਰ, ਮਜ਼ਦੂਰ, ਆੜਤੀਏ ਵੀ ਆਉਣਗੇ।

ਫੋਟੋ: ਪਵਨ ਸ਼ਰਮਾ

ਬਠਿੰਡਾ(ਟ੍ਰਿਬਿਊਨ ਨਿਊਜ਼ ਸਰਵਿਸ): ਇਥੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲਾ ਫੂਕਿਆ।

ਫੋਟੋ: ਪਵਨ ਸ਼ਰਮਾ

ਕਿਸਾਨਾਂ ਵਿੱਚ ਰੋਸ ਹੈ ਕਿ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਗੱਲਬਾਤ ਲਈ ਸੱਦ ਕੇ ਉਨ੍ਹਾਂ ਦੀ ਕਿਸੇ ਮੰਤਰੀ ਨਾਲ ਮੀਟਿੰਗ ਨਾ ਕਰਵਾਕੇ ਬੇਇੱਜ਼ਤੀ ਕੀਤੀ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣਗੀਆਂ।

ਟੱਲੇਵਾਲ(ਟੱਲੇਵਾਲ):ਖੇਤੀ ਕਾਨੂੰਨ ਦੇ ਵਿਰੋਧ ਵਿਚ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ 'ਤੇ ਅੱਜ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਗਏ।

ਪਿੰਡ ਚੀਮਾ, ਭੋਤਨਾ, ਗਹਿਲ, ਪੱਖੋਕੇ ਅਤੇ ਪੱਖੋ ਕੇੈਂਚੀਆਂ ਸਮੇਤ ਇਲਾਕੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜ ਕੇ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਅਰਥੀ ਸਾੜ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ। ਕਿਸਾਨ ਆਗੂ ਬਲਵੰਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਨੰਬਰਦਾਰ ਅਤੇ ਗੁਰਵਿੰਦਰ ਕੌਰ ਨੇ ਕਿਹਾ ਕਿ ਇਹ ਪੰਜਾਬ ਦੀ ਹੋਂਦ ਦਾ ਮਸਲਾ ਹੈ। ਇਸ ਲਈ ਰਾਜ ਦਾ ਬੱਚਾ-ਬੱਚਾ ਸੰਘਰਸ਼ ਕਰ ਰਿਹਾ ਹੈ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਪਿੰਡ ਥੰਮਣਸਿੰਘਵਾਲਾ ਅਤੇ ਟੌਲ ਪਲਾਜ਼ਾ ਮਾਝੀ ਵਿਖੇ ਵੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੁਖਦੇਵ ਸਿੰਘ ਬਾਲਦ ਕਲਾਂ, ਰਣਧੀਰ ਸਿੰਘ ਭੱਟੀਵਾਲ, ਨਛੱਤਰ ਸਿੰਘ ਝਨੇੜੀ,ਅੰਗਰੇਜ ਸਿੰਘ ਮਾਝੀ, ਅਮਰਿੰਦਰ ਸਿੰਘ ਸੇਖੋਂ ,ਛੱਜੂ ਸਿੰਘ ਅਤੇ ਬੁੱਧ ਸਿੰਘ ਬਾਲਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਜਲੀਲ ਕਰਨ ਦੀ ਕਾਰਵਾਈ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਦਿਨੋ-ਦਿਨ ਮਘਣ ਲੱਗਿਆ ਹੈ, ਅੱਜ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਹੋਕੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਥਾਂ -ਥਾਂ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣੇ ਆਰੰਭ ਕਰ ਦਿੱਤੇ ਗਏ ਹਨ। ਇਹ ਪੁਤਲੇ ਫੂਕਣ ਦਾ ਸੱਦਾ ਕਿਸਾਨ ਧਿਰਾਂ ਵਲੋਂ ਦਿੱਲੀ ਵਿਚ ਆਗੂਆਂ ਨੂੰ ਬੁਲਾਕੇ ਕੇਂਦਰ ਦੇ ਕਿਸੇ ਵੀ ਵਜ਼ੀਰ ਵਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਖੇਤੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਵਲੋਂ ਖੇਤੀ ਕਾਨੂੰਨਾਂ ਬਾਰੇ ਹੀ ਸਮਝਾਉਣ ਲੱਗ ਪਏ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ, ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾਈ ਪ੍ਰਧਾਨ ਬੋਘ ਸਿੰਘ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਅੱਜ ਵੱਡੀ ਪੱਧਰ 'ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਕੇਂਦਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸਾਉਣੀ ਦੀ ਵਾਢੀ ਦਾ ਜ਼ੋਰ ਹੋਣ ਦੇ ਬਾਵਜੂਦ ਰੇਲ ਮਾਰਗਾਂ,ਟੋਲ ਪਲਾਜਿਆ, ਅੰਬਾਨੀ ਅੰਡਾਨੀ ਦੇ ਕਾਰੋਬਾਰੀ ਟਿਕਾਣਿਆਂ, ਦਾ ਘਿਰਾਓ ਹੋਰ ਜ਼ੋਰਦਾਰ ਢੰਗ ਨਾਲ ਤੇਜ਼ ਕੀਤਾ ਜਾਵੇਗਾ।

ਜਲੰਧਰ(ਪਾਲ ਸਿੰਘ ਨੌਲੀ): ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਐਨ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਡੀ ਗਿਣਤੀ `ਚ ਪੁਲੀਸ ਤਾਇਨਾਤ ਸੀ। ਪੁਲੀਸ ਨੇ ਸੁਰੱਖਿਆ ਵੱਜੋਂ ਡਿਪਟੀ ਕਮਿਸ਼ਨਰ ਦਫਤਰ ਦੇ ਗੇਟ ਬੰਦ ਕਰ ਦਿੱਤੇ, ਜਦੋਂ ਕਿਸਾਨ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਉਦੋਂ ਅੰਦਰ ਕੈਬਨਿਟ ਮੰਤਰੀ ਆਸ਼ੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਨਲਾੲਂਨ ਸਮਾਰਟ ਵਿਲੇਜ਼ ਬਾਰੇ ਗੱਲਬਾਤ ਕਰ ਰਹੇ ਸਨ। ਕਿਸਾਨ ਆਗੂ ਜਸਵੰਤ ਸਿੰਘ, ਪਰਮਜੀਤ ਸਿੰਘ ਅਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਦੋਂ ਤਕ ਕੇਂਦਰ ਸਰਕਾਰ ਕਾਨੂੰਨ `ਚ ਸੁਧਾਰ ਨਹੀਂ ਕਰੇਗੀ ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਕਿਸਾਨ ਜੱਥੇਬੰਦੀਆਂ ਸੜਕ ਰੋਕਣ ਤੋਂ ਇਲ਼ਾਵਾ ਰੇਲਵੇ ਟ੍ਰੈਫਿਕ ਪ੍ਰਭਾਵਿਤ ਕਰਨਗੇ।

ਮੁਹਾਲੀ(ਦਰਸ਼ਨ ਸਿੰਘ ਸੋਢੀ): ਇਲਾਕੇ ਦੇ ਕਿਸਾਨਾਂ ਨੇ ਧੜੇਬੰਦੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲਾਂਡਰਾਂ-ਬਨੂੜ ਸੜਕ ’ਤੇ ਪਿੰਡ ਭਾਗੋਮਾਜਰਾ ਨੇੜੇ ਪਿੰਡ ਰਾਏਪੁਰ ਕਲਾਂ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ 9ਵੇਂ ਦਿਨ ਲਾਂਡਰਾਂ-ਬਨੂੜ ਸੜਕ ’ਤੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਉਧਰ, ਇਲਾਕੇ ਦੇ ਕਿਸਾਨ ਪਿੰਡ ਬਡਾਲਾ ਨੇੜੇ ਦਿਨ ਰਾਤ ਰੇਲ ਪਟੜੀ ਉੱਤੇ ਧਰਨ ’ਤੇ ਬੈਠੇ ਹਨ। ਇਸ ਮੌਕੇ ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਅਵਤਾਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਕੁਰੜੀ ਅਤੇ ਯੂਥ ਆਗੂ ਗੁਰਜੰਟ ਸਿੰਘ ਪੂਨੀਆ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਕਸੁਰ ਵਿੱਚ ਕਿਸਾਨ ਏਕਤਾ ਦੇ ਨਾਅਰੇ ਲਗਾਏ। ਇਸ ਮੌਕੇ ਜਸਪ੍ਰੀਤ ਸਿੰਘ ਸਰਪੰਚ ਰਾਏਪੁਰ ਕਲਾਂ, ਸੁਰਮੁੱਖ ਸਿੰਘ ਭਾਗੋਮਾਜਰਾ, ਗੁਰਮਿੰਦਰ ਸਿੰਘ, ਹਾਕਮ ਸਿੰਘ ਪੱਤੋਂ, ਸੰਤ ਸਿੰਘ ਕੁਰੜੀ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ ਸਰਪੰਚ ਭਾਗੋਮਾਜਰਾ, ਮੰਗਤ ਸਿੰਘ ਸਰਪੰਚ ਮੌਜਪੁਰ, ਮਨਪ੍ਰੀਤ ਸਿੰਘ ਟੋਨੀ, ਹਰਿੰਦਰ ਸਿੰਘ ਬੈਰੋਂਪੁਰ, ਅੰਮ੍ਰਿਤਜੋਤ ਸਿੰਘ ਪੂਨੀਆ, ਗੁਰਬਚਨ ਸਿੰਘ ਭਾਗੋਮਾਜਰਾ, ਦੀਦਾਰ ਸਿੰਘ, ਸ਼ੇਰ ਸਿੰਘ, ਕਾਕਾ ਸਿੰਘ ਮੌਜਪੁਰ, ਰਮੇਸ਼ ਕੁਮਾਰ, ਸੁਦੇਸ਼ ਹਾਜ਼ਰ ਸਨ।

ਜੰਡਿਆਲਾ ਗੁਰੂ(ਸਿਮਰਤਪਾਲ ਸਿੰਘ ਬੇਦੀ): ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਕਾਮਰੇਡ ਲੱਖਬੀਰ ਸਿੰਘ ਨਿਜਾਮਪੁਰ ਨੇ ਕਿਹਾ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਪਰ ਅੱਜ ਸੈਕੜੇ ਕਿਸਾਨਾਂ ਨੇ ਆਲ ਇੰਡੀਆ ਕਿਸਾਨ ਸਭਾ ਅਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਸੱਦੇ ਉੱਪਰ ਨਵਾਂ ਪਿੰਡ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਅੱਜ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਭੁਪਿੰਦਰ ਸਿੰਘ ਤੀਰਥਪੁਰਾ, ਕੁਲਦੀਪ ਸਿੰਘ ਫਤਿਹਪੁਰ, ਤਰਸੇਮ ਸਿੰਘ ਨੰਗਲ, ਧਰਮਿੰਦਰ ਸਿੰਘ ਕਿਲ੍ਹਾ, ਜਸਪਾਲ ਸਿੰਘ ਨਬੀਪੁਰ, ਤਰਸੇਮ ਸਿੰਘ ਨੰਗਲ, ਕਰਨੈਲ ਸਿੰਘ ਨਵਾਂ ਪਿੰਡ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਭਾਂਜ ਦੇਣ ਲਈ ਕਿਸਾਨ ਅੰਦੋਲਨ ਜਿੱਤ ਤੱਕ ਜਾਰੀ ਰੱਖਣ ਦਾ ਪ੍ਰਣ ਕੀਤਾ। ਇਸ ਮੌਕੇ ਹੋਮਲਕੀਅਤ ਸਿੰਘ ਮੱਖਣਵਿੰਡੀ, ਬਲਦੇਵ ਸਿੰਘ ਅਤੇ ਹਰਜੀਤ ਸਿੰਘ ਨਿਜਾਮਪੁਰ, ਤਰਸੇਮ ਸਿੰਘ, ਪਰਮਜੀਤ ਸਿੰਘ ਫਤਿਹਪੁਰ, ਜਸਵਿੰਦਰ ਸਿੰਘ ਨਬੀਪੁਰ, ਹਰਦੇਵ ਸਿੰਘ ਮਾਲੋਵਾਲ, ਜਗਤਾਰ ਸਿੰਘ ਛਾਪਾ, ਸਵਰਨ ਸਿੰਘ ਕਿਲਾ ਮੌਜੂਦ ਸਨ।

ਸਿਰਸਾ(ਪ੍ਰਭੂ ਦਿਆਲ): ਕਿਸਾਨਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਭਿੱਖਵਿੰਡ ’ਚ ਬੀਤੇ ਦਿਨ ਕਾਮਰੇਡ ਬਲਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਕੇਂਦਰ ਸਰਕਾਰ ਵੱਲੋਂ ਇਸ ਮੁੱਦੇ ’ਤੇ ਦਿੱਲੀ ਸੱਦੇ ਕਿਸਾਨ ਆਗੂਆਂ ਨਾਲ ਗੱਲਬਾਤ ਨਾ ਕਰਨ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਅੱਜ ਬਾਬਾ ਭੂਮਣ ਸ਼ਾਹ ਚੌਕ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਪਿਛਲੇ ਦਸ ਦਿਨਾਂ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨ ਅੱਜ ਵੱਡੀ ਗਿਣਤੀ ’ਚ ਇਕਠੇ ਹੋਏ। ਇਸ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ ਅਤੇ ਦਸਹਿਰੇ ਵਾਲੇ ਦਿਨ ਵੱਡੇ ਪੱਧਰ ’ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣ ਦਾ ਫੈਸਲਾ ਲਿਆ ਹੈ। ਇਸ ਮੌਕੇ ’ਤੇ ਕਿਸਾਨ ਆਗੂ ਸਵਰਨ ਸਿੰਘ ਵਿਰਕ, ਪ੍ਰਹਿਲਾਦ ਸਿੰਘ ਭਾਰੂਖੇੜਾ, ਸਵਰਾਜ ਇੰਡੀਆ ਪਾਰਟੀ ਦੇ ਸੂਬਾਈ ਆਗੂ ਰਾਜੀਵ ਗੋਦਾਰ, ਜਸਬੀਰ ਸਿੰਘ ਭਾਟੀ, ਲਖਵਿੰਦਰ ਸਿੰਘ ਔਲਖ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਇਲਾਕੇ ਦੇ ਕਿਸਾਨ ਮੌਜੂਦ ਸਨ। ਪੱਕੇ ਧਰਨੇ ’ਤੇ ਬੈਠੇ ਕਿਸਾਨਾਂ ਲਈ ਗੁਰਦੁਵਾਰਾ ਚਿਲਾ ਸਾਹਿਬ ਵੱਲੋਂ ਜਿਥੇ ਲੰਗਰ ਲਾਇਆ ਜਾ ਰਿਹਾ ਹੈ ਉਥੇ ਹੀ ਪਿੰਡ ਬਗੂ ਦੇ ਨੌਜਵਾਨਾਂ ਵੱਲੋਂ ਚਾਹ ਦਾ ਲੰਗਰ ਲਾਇਆ ਹੋਇਆ ਹੈ ਜਦੋਂਕਿ ਕਈ ਸਮਾਜਸੇਵੀ ਸੰਸਥਾਵਾਂ ਵੱਲੋਂ ਕਿਸਾਨਾਂ ਲਈ ਦਵਾਈਆਂ ਤੇ ਫਲਾਂ ਦੀ ਵੀ ਵਿਵਸਥਾ ਕੀਤੀ ਹੋਈ ਹੈ।

ਅੰਮ੍ਰਿਤਸਰ(ਜਗਤਾਰ ਸਿੰਘ ਲਾਂਬਾ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਵੱਖ ਵੱਖ ਜਥੇਬੰਦੀਆਂ ਨੇ ਇੱਥੇ ਅੰਮ੍ਰਿਤਸਰ ਮਾਲ ਦਾ ਘਿਰਾਓ ਕੀਤਾ, ਜਿਸ ਵਿੱਚ ਰਿਲਾਇੰਸ ਦਾ ਸਟੋਰ ਵੀ ਚਲ ਰਿਹਾ ਹੈ। ਇਸ ਰੋਸ ਧਰਨੇ ਦੀ ਅਗਵਾਈ ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ ਦੇ ਆਗੂ ਬਲਦੇਵ ਸਿੰਘ ਸਰਸਾ ਨੇ ਕੀਤੀ। ਉਨ੍ਹਾਂ ਦੇ ਨਾਲ ਸਿੱਖ ਯੂਥ ਆਫ ਪੰਜਾਬ ਦੇ ਆਗੂ ਪਰਮਜੀਤ ਸਿੰਘ ਮੰਡ ਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਦੇ ਕਾਰਕੁਨ ਸਨ। ਇਹ ਪ੍ਰਦਰਸ਼ਨਕਾਰੀ ਪਹਿਲਾਂ ਭੰਡਾਰੀ ਪੁਲ ਤੇ ਇਕੱਠੇ ਹੋਏ ਅਤੇ ਉੱਥੋਂ ਅੰਮ੍ਰਿਤਸਰ ਮਾਲ ਤੱਕ ਪੁੱਜੇ ਜਿੱਥੇ ਉਨ੍ਹਾਂ ਧਰਨਾ ਦਿੱਤਾ। ਧਰਨਾ ਦੇਣ ਮਗਰੋਂ ਸਾਰਾ ਸ਼ਾਪਿੰਗ ਮਾਲ ਹੀ ਬੰਦ ਕਰਵਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਧਰਨਾ ਦਿੱਤਾ ਹੋਇਆ ਹੈ ਅਤੇ ਬੁਟਾਰੀ ਵਿਖੇ ਰੇਲ ਲਾਈਨਾਂ ਤੇ ਧਰਨਾ ਦਿੱਤਾ ਹੋਇਆ ਹੈ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿੰਡ ਦੇਵੀਦਾਸਪੁਰਾ ਨੇੜੇ ਰੇਲ ਪਟੜੀਆਂ ਤੇ ਧਰਨਾ ਦਿੱਤਾ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All