ਸੈਂਟਰਲ ਲਾਇਬ੍ਰੇਰੀ ਵਿੱਚ 15 ਨੂੰ ਲੱਗੇਗਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਦਾ ਬੁੱਤ
ਪਰਿਵਾਰ ਨੇ ਬੁੱਤ ਆਪਣੇ ਪੱਧਰ ’ਤੇ ਤਿਆਰ ਕਰਵਾਇਆ
ਇੱਥੋਂ ਦੀ ਸੈਂਟਰਲ ਸਟੇਟ ਮੁਸਾਫ਼ਰ ਮੈਮੋਰੀਅਲ ਲਾਇਬ੍ਰੇਰੀ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸਾਹਿਤਕਾਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਦਾ ਬੁੱਤ ਸਥਾਪਤ ਕੀਤਾ ਜਾ ਰਿਹਾ ਹੈ। ਲਾਇਬ੍ਰੇਰੀ ਦਾ ਨਾਮ ਉਨ੍ਹਾਂ ਦੇ ਨਾਮ ’ਤੇ ਹੋਣ ਦੇ ਬਾਵਜੂਦ ਇੱਥੇ ਉਨ੍ਹਾਂ ਦੀ ਕੋਈ ਯਾਦਗਾਰ ਨਹੀਂ ਸੀ। ਹੁਣ ਪਰਿਵਾਰ ਨੇ ਬਿਨਾਂ ਸਰਕਾਰੀ ਮਦਦ ਤੋਂ ਆਪਣੇ ਪੱਧਰ ’ਤੇ ਬੁੱਤ ਲਾਉਣ ਦਾ ਫੈਸਲਾ ਕੀਤਾ ਹੈ। ਗਿਆਨੀ ਮੁਸਾਫ਼ਰ ਦੇ 127ਵੇਂ ਜਨਮ ਦਿਹਾੜੇ ਮੌਕੇ 15 ਜਨਵਰੀ ਨੂੰ ਕਾਂਸੇ ਦੇ ਬੁੱਤ ਤੋਂ ਪਰਦਾ ਹਟਾਇਆ ਜਾਵੇਗਾ। ਮੁਸਾਫ਼ਰ ਦੀ ਬੇਟੀ ਜੋਗਿੰਦਰ ਸੰਤ ਨੇ ਦੱਸਿਆ ਕਿ ਇਹ ਬੁੱਤ ਮਸ਼ਹੂਰ ਮੂਰਤੀਕਾਰ ਜਸਪਾਲ ਸਿੰਘ ਦੁੱਗਲ ਨੇ ਤਿਆਰ ਕੀਤਾ ਹੈ। ਸਮਾਗਮ ਵਿੱਚ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਗਿਆਨੀ ਮੁਸਾਫ਼ਰ ਨੇ ਅਕਾਲ ਤਖ਼ਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ, ਕਾਂਗਰਸ ਪ੍ਰਧਾਨ ਅਤੇ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ। ਆਜ਼ਾਦੀ ਸੰਘਰਸ਼ ਦੌਰਾਨ ਜੇਲ੍ਹ ਵਿੱਚ ਹੁੰਦਿਆਂ ਉਨ੍ਹਾਂ ਨੇ ਆਪਣੇ ਪਿਤਾ, ਧੀ ਅਤੇ ਪੁੱਤਰ ਨੂੰ ਗੁਆ ਲਿਆ ਸੀ। 1947 ਦੀ ਵੰਡ ਵੇਲੇ ਉੱਜੜੇ ਲੋਕਾਂ ਦੇ ਮੁੜ ਵਸੇਬੇ ਅਤੇ ਸਾਹਿਤ ’ਚ ਉਨ੍ਹਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਤਰਲੋਚਨ ਸਿੰਘ ਨੇ ਦੁੱਖ ਪ੍ਰਗਟਾਇਆ ਕਿ ਅਜਿਹੀ ਮਹਾਨ ਸ਼ਖ਼ਸੀਅਤ ਦੀ ਯਾਦਗਾਰ ਸਰਕਾਰ ਵੱਲੋਂ ਬਣਾਈ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਹੁਣ ਪਰਿਵਾਰ ਨੇ ਇਹ ਬੁੱਤ ਆਪਣੇ ਪੱਧਰ ’ਤੇ ਤਿਆਰ ਕਰਵਾਇਆ ਹੈ।

