ਬਿਜਲੀ ਕਾਮਿਆਂ ਵੱਲੋਂ ਪਟਿਆਲਾ ’ਚ ਸੂਬਾ ਪੱਧਰੀ ਧਰਨਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਜੁਲਾਈ
ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰਕੌਮ ਐਂਡ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਨੇ ਕ੍ਰਿਸ਼ਨ ਸਿੰਘ ਔਲਖ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂ, ਜਗਰੂਪ ਸਿੰਘ, ਬਲਵਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦੇਣ ਮਗਰੋਂ ਸ਼ਹਿਰ ਵਿੱਚ ਮਾਰਚ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਲਈ ਸਾਰੀਆਂ ਹਾਕਮ ਜਮਾਤੀ ਪਾਰਲੀਮਾਨੀ ਪਾਰਟੀਆਂ ਇਕ ਮੱਤ ਹਨ। ਇਨ੍ਹਾਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਬਿਜਲੀ ਐਕਟ 2003 ਅਤੇ 2022 ਲਾਗੂ ਕਰਦਿਆਂ ਬਿਜਲੀ ਕਾਰਪੋਰੇਸ਼ਨ ਦੇ ਨਿੱਜੀਕਰਨ ਦਾ ਹੱਲ ਤੇਜ਼ ਕੀਤਾ ਹੋਇਆ ਹੈ, ਮੀਨੀਮਮ ਵੇਜ ਐਕਟ ਰੱਦ ਕਰਕੇ ਡੀਸੀ ਰੇਟ ਲਾਗੂ ਕੀਤੇ ਗਏ ਹਨ, ਪੱਕੀ ਭਰਤੀ ਦੀ ਥਾਂ ਆਊਟਸੋਰਸਡ ਠੇਕਾ ਭਰਤੀ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਜਲਦੀ ਹੀ ਬਿਜਲੀ ਕਾਰਪੋਰੇਸ਼ਨ ਦਾ ਭੋਗ ਪਾਉਣ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਲਾਲੜੂ ਅਤੇ ਖਰੜ ਡਿਵੀਜ਼ਨ ਦੀ ਨਿੱਜੀਕਰਨ ਦੀ ਵਿਉਂਤ ਪੰਜਾਬ ਵਿਕਾਸ ਕਾਰਪੋਰੇਸ਼ਨ ਕੋਲ ਪੇਸ਼ ਕਰਨ ਦਾ ਸਰਕਾਰੀ ਧੰਦਾ ਨਿੱਜੀਕਰਨ ਦੇ ਅਮਲ ਨੂੰ ਤੇਜ਼ ਕਰਨ ਦੀ ਇੱਕ ਉਦਾਹਰਣ ਹੈ। ਇਸ ਕਰਕੇ ਸਮੂਹ ਰੈਗੂਲਰ ਮੁਲਾਜ਼ਮ, ਠੇਕਾ ਕਾਮੇ, ਕਿਸਾਨ ਤੇ ਮਜ਼ਦੂਰ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੇਬਰ ਲਾਅ ਵਿੱਚ ਕੀਤੀਆਂ ਤਬਦੀਲੀਆਂ ਨੂੰ ਲਾਗੂ ਕਰਨ ਲਈ ਮਤਾ ਪਾਸ ਕੀਤਾ ਗਿਆ ਹੈ। ਇਸ ਵਿੱਚ ਮੁੱਖ ਤੌਰ ’ਤੇ ਜਿਸ ਸਨਅਤ ਵਿੱਚ 20 ਤੋਂ ਘੱਟ ਕਾਮੇ ਕੰਮ ਕਰਦੇ ਹਨ ਉੱਥੇ ਫ਼ੈਕਟਰੀ ਐਕਟ ਲਾਗੂ ਨਹੀਂ ਹੋਵੇਗਾ। ਇਹ ਫ਼ੈਸਲਾ ਕਾਰਪੋਰੇਟਰਾਂ ਨੂੰ ਕਾਮਿਆਂ ਦੀ ਤਿੱਖੀ ਲੁੱਟ ਕਰਨ ਦਾ ਅਧਿਕਾਰ ਮੁਹੱਈਆ ਕਰਦਾ ਹੈ। ਇਸ ਮੌਕੇ ਖੇਤ ਮਜ਼ਦੂਰ ਆਗੂ ਹਰਭਗਵਾਨ ਮੂਣਕ ’ਤੇ ਹਮਲੇ ਦੀ ਨਿਖੇਧੀ ਕੀਤੀ ਗਈ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਸਵਿੰਦਰ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਮੇਸ਼ ਮਾਲੜੀ, ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਹਾਕਮ ਸਿੰਘ ਧਨੇਠਾ, ਰਾਜਿੰਦਰ ਕੁਮਾਰ ਪੈਨਸ਼ਨਰ ਆਗੂ, ਠੇਕਾ ਮੋਰਚਾ ਦੇ ਆਗੂ ਸ਼ੇਰ ਸਿੰਘ ਖੰਨਾ, ਪਰਮਜੀਤ ਕੌਰ ਅਤੇ ਕਮਲਜੀਤ ਕੌਰ ਨੇ ਸੰਬੋਧਨ ਕੀਤਾ। ਅਖੀਰ ਵਿੱਚ ਬੁਲਾਰਿਆਂ ਨੇ ਅਪੀਲ ਕੀਤੀ ਕਿ ਅੱਜ ਦੇ ਧਰਨੇ ਤੋਂ ਬਾਅਦ ਨਿੱਜੀਕਰਨ ਦੇ ਖ਼ਿਲਾਫ਼ 9 ਜੁਲਾਈ ਨੂੰ ਹੋ ਰਹੀ ਦੇਸ਼ ਵਿਆਪੀ ਨੂੰ ਸਫਲ ਬਣਾਉਣ ਲਈ ਪੂਰੀ ਤਿਆਰੀ ਕੀਤੀ ਜਾਵੇ। ਧਰਨਾਕਾਰੀਆਂ ਨੇ ਰੋਹ ਭਰਪੂਰ ਨਾਅਰੇ ਮਾਰਦਿਆਂ ਵੱਖ-ਵੱਖ ਬਜ਼ਾਰਾਂ ਵਿੱਚ ਦੀ ਮਾਰਚ ਕਰਦੇ ਹੋਏ ਫੁਹਾਰਾ ਚੌਕ ਵਿੱਚ ਆ ਕੇ ਧਰਨੇ ਦੀ ਸਮਾਪਤੀ ਕੀਤੀ।