ਸ੍ਰੀ ਮੁਕਤਸਰ ਸਾਹਿਬ: ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਵਕੀਲਾਂ ਦਾ ਵਿਰੋਧ ਪ੍ਰਦਰਸ਼ਨ; ਭਾਰੀ ਪੁਲੀਸ ਫੋਰਸ ਤਾਇਨਾਤ
ਵਕੀਲ ਵਿਰੁੱਧ ਕੇਸ ਦਰਜ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਅਣਮਿੱਥੇ ਸਮੇਂ ਲਈ ਹੜਤਾਲ ’ਤੇ; ਸ਼ਹਿਰ ਵਿੱਚ ਤਣਾਅ ਦਾ ਮਾਹੌਲ
ਮੁਕਤਸਰ ਸ਼ਹਿਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਇੱਕ ਵਕੀਲ ਵਿਰੁੱਧ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਕੰਮ ਮੁਅੱਤਲ ਕਰ ਦਿੱਤਾ ਹੈ, ਜਿਸ ਕਰਕੇ ਤਣਾਅ ਬਰਕਰਾਰ ਹੈ।
ਪ੍ਰਦਰਸ਼ਕਾਰੀਆਂ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਇੱਥੇ ਸਰਕਾਰੀ ਕਾਲਜ ਸਟੇਡੀਅਮ ਵਿਖੇ ‘ਅਮਰੁਤ-2.0 ਸਕੀਮ’ ਤਹਿਤ ਸੀਵਰੇਜ ਅਤੇ ਪਾਣੀ ਸਪਲਾਈ ਦੇ ਕੰਮਾਂ ਦਾ ਨੀਂਹ ਪੱਥਰ ਰੱਖਣ ਲਈ ਆਉਣਾ ਸੀ। ਵਿਰੋਧ ਪ੍ਰਦਰਸ਼ਨ ਦੀ ਸੰਭਾਵਨਾ ਨੂੰ ਦੇਖਦੇ ਹੋਏ, ਪੁਲੀਸ ਨੇ ਵਕੀਲਾਂ ਨੂੰ ਮੌਕੇ ’ਤੇ ਪਹੁੰਚਣ ਤੋਂ ਰੋਕਣ ਲਈ ਕਈ ਬੈਰੀਕੇਡ ਲਗਾਏ ਅਤੇ ਬੱਸਾਂ ਖੜ੍ਹੀਆਂ ਕੀਤੀਆਂ।
ਐਡਵੋਕੇਟ ਅਰਸ਼ ਬੱਤਰਾ ਨੇ ਕਿਹਾ ਕਿ ਪੁਲੀਸ ਵੱਲੋਂ ਕਈ ਵਾਰ ਨਾਕਾਬੰਦੀ ਕਰਨ ਦੇ ਬਾਵਜੂਦ, ਅਸੀਂ ਹਰਮਨਦੀਪ ਨੂੰ ਇਨਸਾਫ਼ ਦਿਵਾਉਣ ਦੀ ਮੰਗ ਲਈ ਸਰਕਾਰੀ ਕਾਲਜ ਦੇ ਨੇੜੇ ਪਹੁੰਚੇ ਹਾਂ ਪਰ ਪੁਲੀਸ ਸਾਨੂੰ ਉਨ੍ਹਾਂ ਨੂੰ ਵਧਣ ਤੋਂ ਰੋਕ ਰਹੀ ਹੈ।
ਇਸ ਦੌਰਾਨ, ਮੁਕਤਸਰ ਦੇ ਏਡੀਸੀ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ।
ਦੱਸ ਦਈਏ ਕਿ ਬਾਰ ਐਸੋਸੀਏਸ਼ਨ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਹੈ, ਜਿਸ ਵਿੱਚ ਜਵਾਹਰੇਵਾਲਾ ਪਿੰਡ ਵਿੱਚ ਐਡਵੋਕੇਟ ਹਰਮਨਦੀਪ ਸਿੰਘ ਸੰਧੂ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਅਤੇ ਉਨ੍ਹਾਂ ਵਿਰੁੱਧ ਦਰਜ ‘ਝੂਠੀ’ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਵਕੀਲਾਂ ਨੇ ਪੁਲੀਸ ’ਤੇ ਰਾਜਨੀਤਿਕ ਪ੍ਰਭਾਵ ਹੇਠ ਹਮਲਾਵਰਾਂ ਨੂੰ ਬਚਾਉਣ ਦਾ ਦੋਸ਼ ਲਗਾਇਆ ਹੈ।
ਹਾਲਾਂਕਿ, ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧੜਿਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ, ਕਿਉਂਕਿ ਇਸ ਘਟਨਾ ਵਿੱਚ ਦੋਵਾਂ ਧਿਰਾਂ ਨੂੰ ਸੱਟਾਂ ਲੱਗੀਆਂ ਹਨ।

