ਧਰਮਕੋਟ ਤੇ ਗੜ੍ਹਸ਼ੰਕਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਕੰਮਲ
ਮੁੱਖ ਚੋਣ ਅਧਿਕਾਰੀ ਵੱਲੋਂ ਸ਼ਲਾਘਾ, ਲੋਕਾਂ ਨੂੰ ਵਿਸ਼ੇਸ਼ ਕੈਂਪਾਂ ’ਚ ਸ਼ਾਮਲ ਹੋਣ ਦੀ ਅਪੀਲ
ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਕੰਮ ਨੂੰ ਤੇਜ਼ੀ ਨਾਲ ਸਿਰੇ ਚੜ੍ਹਾਇਆ ਜਾ ਰਿਹਾ ਹੈ। ਇਸੇ ਦੌਰਾਨ ਵਿਧਾਨ ਸਭਾ ਹਲਕਾ ਧਰਮਕੋਟ ਤੇ ਗੜ੍ਹਸ਼ੰਕਰ ’ਚ ਐੱਸ ਆਈ ਆਰ ਦਾ ਕੰਮ ਮੁਕੰਮਲ ਹੋ ਗਿਆ। ਇਸ ਸਬੰਧੀ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਦੋਵੇਂ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਰਿਕਾਰਡਾਂ ਅਤੇ ਪ੍ਰਕਿਰਿਆਵਾਂ ਦੀ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦਾ ਕੰਮ ਵੀ ਨੇਪਰੇ ਚਾੜ੍ਹ ਦਿੱਤਾ ਹੈ। ਉਨ੍ਹਾਂ ਨੇ ਜ਼ਿਲ੍ਹਾ ਚੋਣ ਅਧਿਕਾਰੀ (ਡੀ ਈ ਓ), ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈ ਆਰ ਓ) ਅਤੇ ਬੀ ਐੱਲ ਓਜ਼ ਦੇ ਆਪਸੀ ਤਾਲਮੇਲ ਦੀ ਸ਼ਲਾਘਾ ਕੀਤੀ। ਇਸੇ ਸਦਕਾ ਦੋਵੇਂ ਹਲਕਿਆਂ ਵਿੱਚ ਨਾ ਸਿਰਫ਼ ਡਿਜੀਟਾਈਜ਼ੇਸ਼ਨ ਕਾਰਜਾਂ ਦੇ ਨਿਰਵਿਘਨ ਅਮਲ ਨੂੰ ਯਕੀਨੀ ਬਣਾਇਆ ਸਗੋਂ ਧਰਮਕੋਟ ਅਤੇ ਗੜ੍ਹਸ਼ੰਕਰ ਨੂੰ ਰਾਜ ਲਈ ਇੱਕ ਮਾਡਲ ਚੋਣ ਹਲਕਿਆਂ ਵਜੋਂ ਸਥਾਪਿਤ ਕੀਤਾ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਨੇ ਬਾਕੀ ਵਿਧਾਨ ਸਭਾ ਹਲਕਿਆਂ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਵੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਕਾਰਜ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ। ਅਨਿੰਦਿਤਾ ਮਿੱਤਰਾ ਨੇ ਪੰਜਾਬ ਦੇ ਵੋਟਰਾਂ ਨੂੰ 19 ਜੁਲਾਈ ਨੂੰ ਹੋਣ ਵਾਲੇ ਆਗਾਮੀ ਵਿਸ਼ੇਸ਼ ਕੈਂਪਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਐੱਸ ਆਈ ਆਰ ਦੇ ਘਰ-ਘਰ ਗਣਨਾ ਪੜਾਅ ਨੂੰ ਮੁਕੰਮਲ ਕੀਤਾ ਜਾ ਸਕੇ।

