“ਮੁਆਫ਼ ਕਰਨਾ ਸ਼ਹਿਰ ਵਾਸੀਓ...”: ਖਸਤਾਹਾਲ ਸੜਕ ਤੋਂ ਅੱਕੇ ਲੋਕਾਂ ਦਾ ਅਨੋਖਾ ਪ੍ਰਦਰਸ਼ਨ
ਵਿਧਾਇਕ ਦਾ ਫਲੈਕਸ ਬਣਵਾ ਕੇ ਖੋਤਾ-ਰੇਹੜੇ 'ਤੇ ਬਿਠਾ ਕੇ ਸ਼ਹਿਰ ਵਿੱਚ ਘੁਮਾਇਆ
ਫਿਰੋਜ਼ਪੁਰ ਰੋਡ ਤੋਂ ਜਲਾਲਾਬਾਦ ਵਿੱਚ ਦਾਖਲ ਹੁੰਦੇ ਰਾਹ, ਜਿਸ ਨੂੰ ਵੈੱਲਕਮ ਪੁਆਇੰਟ ਕਿਹਾ ਜਾਂਦਾ ਹੈ, ਦੀ ਲੰਬੇ ਸਮੇਂ ਤੋਂ ਸੜਕ ਨਾ ਬਣਾਏ ਜਾਣ ਦੇ ਵਿਰੋਧ ਵਿੱਚ ਪੰਜਾਬ ਕਿਸਾਨ ਸਭਾ ਨੇ ਅੱਜ ਇੱਕ ਅਨੋਖਾ ਪ੍ਰਦਰਸ਼ਨ ਕੀਤਾ। ਸਭਾ ਨੇ ਮੌਜੂਦਾ ਵਿਧਾਇਕ ਦਾ ਫਲੈਕਸ ਬਣਵਾ ਕੇ ਉਸ ਨੂੰ ਖੋਤਾ-ਰੇਹੜੇ ਉੱਤੇ ਚੜ੍ਹਾ ਕੇ ਸ਼ਹਿਰ ਵਿੱਚ ਘੁਮਾਇਆ। ਫਲੈਕਸ ਉੱਪਰ ਵਿਧਾਇਕ ਦੀ ਫੋਟੋ ਲਗਾ ਕੇ ਲਿਖਿਆ ਗਿਆ ਸੀ, "ਮੁਆਫ਼ ਕਰਨਾ ਸ਼ਹਿਰ ਵਾਸੀਓ, ਇਹ ਸੜਕ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੇ ਨਹੀਂ ਬਣਾਈ"।
ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ ਨੇ ਕਿਹਾ ਕਿ ਫਿਰੋਜ਼ਪੁਰ ਰੋਡ ਤੋਂ ਜਲਾਲਾਬਾਦ ਵਿੱਚ ਦਾਖਲ ਹੁੰਦਿਆਂ ਹੀ ਬੱਸ ਸਟੈਂਡ ਦੇ ਨਜ਼ਦੀਕ ਸੜਕ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੈ ਕਿ ਇੱਥੋਂ ਲੰਘਣਾ ਤੱਕ ਮੁਸ਼ਕਿਲ ਹੈ। ਬਰਸਾਤ ਦੇ ਮੌਸਮ ਵਿੱਚ ਇੱਥੇ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਅਨੇਕਾਂ ਵਾਰ ਮੰਗ ਕਰਨ ਅਤੇ ਵੱਖ-ਵੱਖ ਪ੍ਰਦਰਸ਼ਨ ਕਰਨ ਦੇ ਬਾਵਜੂਦ ਮੌਜੂਦਾ ਵਿਧਾਇਕ ਵੱਲੋਂ ਇਹ ਸੜਕ ਨਹੀਂ ਬਣਾਈ ਜਾ ਰਹੀ, ਜਿਸ ਕਾਰਨ ਅੱਕ ਕੇ ਉਹ ਇਹ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਇਕ ਦੇ ਨਾਲ-ਨਾਲ ਵਿਰੋਧੀ ਧਿਰਾਂ ਦੀ ਕਾਰਗੁਜ਼ਾਰੀ ਵੀ ਜਲਾਲਾਬਾਦ ਵਿੱਚ ਬਹੁਤ ਮਾੜੀ ਹੈ। ਵਿਰੋਧੀ ਧਿਰਾਂ ਸਿਰਫ਼ ਫੋਟੋਆਂ ਖਿਚਵਾਉਣ ਅਤੇ ਰੀਲਾਂ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ, ਜਦਕਿ ਜਨਤਾ ਦੇ ਮੁੱਦਿਆਂ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਇਹ ਸੜਕ ਨਹੀਂ ਬਣਾਈ ਜਾਂਦੀ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ।
ਉਧਰ ਐਸਡੀਐਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ ਬੱਸ ਸਟੈਂਡ ਦੇ ਅੱਗੇ ਖਰਾਬ ਪਈ ਸੜਕ ਦਾ ਕੰਮ ਇੱਕ ਹਫਤੇ ਵਿੱਚ ਚਾਲੂ ਹੋ ਜਾਏਗਾ ਅਤੇ ਇਸ ਦੇ ਸੀਸੀ ਵਰਕ ਨੂੰ ਮਨਜ਼ੂਰੀ ਮਿਲ ਚੁੱਕੀ ਹੈ।

