ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿਚ ਪਿਉ-ਪੁੱਤ ਵਿਚਾਲੇ ਠੰਢੀ ਰੋਟੀ ਕਾਰਨ ਵਿਵਾਦ ’ਚ ਪਿਉ ਦੀ ਜਾਨ ਚਲੀ ਗਈ। ‘ਖਾਣਾ ਠੰਢਾ ਕਿਉਂ ਹੈ’ ਕਹਿ ਕੇ ਪੁੱਤ ਨੇ ਪਿਉ ਦੇ ਸਿਰ ਵਿੱਚ ਲੋਹੇ ਦੀ ਰਾਡ ਨਾਲ ਅਨੇਕਾਂ ਵਾਰ ਕੀਤੇ ਜਿਸ ਨਾਲ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਦੀ ਰਾਤ ਦੀ ਹੈ। ਰੋਡੇ ਪਿੰਡ ਦੇ ਮੇਅਰਜੀਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਦੂਜੀ ਪਤਨੀ ਉਸ ਦੀ ਸ਼ਰਾਬ ਪੀਣ ਦੀ ਆਦਤ ਕਾਰਨ ਘਰ ਛੱਡ ਕੇ ਚਲੀ ਗਈ ਸੀ। ਕੁਝ ਸਮੇਂ ਤੋਂ ਮੇਅਰਜੀਤ ਸਿੰਘ ਅਤੇ ਉਸ ਦਾ 22 ਸਾਲਾਂ ਦਾ ਪੁੱਤਰ ਲਵਪ੍ਰੀਤ ਸਿੰਘ ਘਰ ਵਿੱਚ ਦੋਨੋਂ ਹੀ ਰਹਿ ਰਹੇ ਸਨ। ਮੇਅਰਜੀਤ ਸਿੰਘ ਪਿੰਡ ਵਿੱਚ ਡਾਕਟਰੀ ਦੀ ਦੁਕਾਨ ਕਰਦਾ ਸੀ। ਬੁੱਧਵਾਰ ਦੀ ਰਾਤ ਪਿਤਾ ਨੇ ਖਾਣਾ ਬਣਾਇਆ ਅਤੇ ਆਪਣੇ ਪੁੱਤਰ ਨੂੰ ਖਾਣ ਲਈ ਕਿਹਾ। ਲਵਪ੍ਰੀਤ ਸਿੰਘ ਲੰਬਾ ਸਮਾਂ ਫੋਨ ਵਿੱਚ ਰੁੱਝਿਆ ਰਿਹਾ, ਜਿਸ ਕਾਰਨ ਰੋਟੀ ਠੰਢੀ ਹੋ ਗਈ। ਇਸੇ ਗੱਲ ਤੋਂ ਹੀ ਪਿਉ ਪੁੱਤ ਵਿਚਾਲੇ ਵਿਵਾਦ ਛਿੜ ਪਿਆ। ਬੋਲ ਬੁਲਾਰੇ ਤੋਂ ਬਾਅਦ ਲਵਪ੍ਰੀਤ ਸਿੰਘ ਨੇ ਲੋਹੇ ਦੀ ਰਾਡ ਨਾਲ ਆਪਣੇ ਪਿਤਾ ਦੇ ਸਿਰ ਵਿੱਚ ਅਨੇਕਾਂ ਵਾਰ ਹਮਲਾ ਕੀਤੇ, ਜਿਸ ਕਾਰਨ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਣ ਸਮੇਂ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ਉੱਤੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

