ਚਰਨਜੀਤ ਭੁੱਲਰ
ਚੰਡੀਗੜ੍ਹ, 29 ਨਵੰਬਰ
ਕਿਸਾਨੀ ਘੋਲ ’ਚ ਕੁੱਦੇ ਅੰਨਦਾਤੇ ਲਈ ਲੋਕਾਂ ਨੇ ਦਿਲ ਤੇ ਦਰ ਵੀ ਖੋਲ੍ਹ ਦਿੱਤੇ ਹਨ। ਦਿੱਲੀ ਦੀ ਜੂਹ ’ਚ ਬੈਠੇ ਕਿਸਾਨਾਂ ਨੂੰ ਹਰਿਆਣਾ ਤੇ ਦਿੱਲੀ ਵਾਸੀਆਂ ਨੇ ਪਲਕਾਂ ’ਤੇ ਬਿਠਾ ਲਿਆ ਹੈ। ਦਿੱਲੀ ’ਚ ਟਿਕਰੀ ਤੇ ਸਿੰਘੂ ਬਾਰਡਰ ’ਤੇ ਕਿਸਾਨਾਂ ਦਾ ਬਹੁਤ ਵੱਡਾ ਇਕੱਠ ਹੈ। ਕਿਸਾਨ ਅੰਦੋਲਨ ਨੇ ਕਈ ਫਾਸਲੇ ਵੀ ਮਿਟਾ ਦਿੱਤੇ ਹਨ। ਟਿਕਰੀ ਸੀਮਾ ’ਤੇ ਹੋਟਲ ਗੇਟਵੇਅ ਦੇ ਮਾਲਕ ਨਰਿੰਦਰ ਨੇ ਹੋਟਲ ਦੇ ਦਰ ਕਿਸਾਨਾਂ ਲਈ ਖੋਲ੍ਹ ਦਿੱਤੇ ਹਨ। ਨਰਿੰਦਰ ਆਖਦਾ ਹੈ ਕਿ ਅੰਨਦਾਤੇ ਦੇ ਅਹਿਸਾਨਾਂ ਅੱਗੇ ਇਹ ਮਾਮੂਲੀ ਸੇਵਾ ਹੈ। ਟਿਕਰੀ ਸੀਮਾ ਲਾਗੇ ਹਰਿਆਣਾ ਦੇ ਇੱਕ ਕਿਸਾਨ ਨੇ ਆਪਣਾ ਘਰ ਕਿਸਾਨਾਂ ਲਈ ਖੋਲ੍ਹ ਦਿੱਤਾ ਹੈ। ਹਰਿਆਣਵੀਂ ਕਿਸਾਨ ਔਰਤਾਂ ਨੇ ਆਪੋ ਆਪਣੇ ਘਰਾਂ ਵਿਚ ਅੰਦੋਲਨਕਾਰੀ ਔਰਤਾਂ ਨੂੰ ਬੁਲਾ ਕੇ ਨਹਾਉਣ ਲਈ ਗਰਮ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਹੈ। ਮਹਿਲਾ ਕਿਸਾਨ ਆਗੂ ਗੁਰਪ੍ਰੀਤ ਕੌਰ ਦੱਸਦੀ ਹੈ ਕਿ ਦਿੱਲੀ ਮੋਰਚੇ ਨੇੜਲੇ ਕਿਸਾਨਾਂ ਨੇ ਆਪਣੀਆਂ ਖੇਤੀ ਮੋਟਰਾਂ ਚਲਾ ਦਿੱਤੀਆਂ ਹਨ। ਉਹ ਰਾਤ ਵੇਲੇ ਠੰਢ ਕਰਕੇ ਅੱਗ ਬਾਲ ਕੇ ਦਿੰਦੇ ਹਨ। ਦਿੱਲੀ ਦੇ ਸਨਅਤੀ ਮਾਲਕਾਂ ਨੇ ਸਾਂਝੇ ਤੌਰ ’ਤੇ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਦਿਨ ਰਾਤ ਦਾ ਚਾਹ ਦਾ ਲੰਗਰ ਚਲਾ ਦਿੱਤਾ ਹੈ। ਇਥੋਂ ਦੇ ਵਪਾਰੀ ਕੰਬਲਾਂ ਦੇ ਭਰੇ ਕੈਂਟਰ ਦੇ ਕੇ ਗਏ ਹਨ। ਡਾਕਟਰਾਂ ਨੇ ਕਿਸਾਨ ਮੋਰਚੇ ਵਿਚ ਦਿਨ ਰਾਤ ਦੀ ਸੇਵਾ ਸੰਭਾਲੀ ਹੋਈ ਹੈ। ਕੁੰਡਲੀ ਬਾਰਡਰ ’ਤੇ ਇੱਕ ਹੋਟਲ ਮਾਲਕ ਸੁਧੀਰ ਨੇ ਆਪਣਾ ‘ਸੁਧੀਰ ਹੋਟਲ’ ਕਿਸਾਨ ਔਰਤਾਂ ਲਈ ਖੋਲ੍ਹ ਦਿੱਤਾ ਹੈ। ਇਸ ਹੋਟਲ ਵਿਚ 100 ਜਣਿਆਂ ਦੇ ਠਹਿਰਨ ਲਈ ਵੱਡਾ ਹਾਲ ਹੈ, ਜੋ ਕਿਸਾਨ ਔਰਤਾਂ ਨੂੰ ਦਿੱਤਾ ਗਿਆ ਹੈ। ਦਿੱਲੀ ਦੇ ਇੱਕ ਵਪਾਰੀ ਨਰੇਸ਼ ਕੁਮਾਰ ਨੇ ਟਿਕਰੀ ਬਾਰਡਰ ਲਾਗੇ ਆਪਣਾ ਘਰ ਔਰਤਾਂ ਲਈ ਖੋਲ੍ਹ ਦਿੱਤਾ ਹੈ। ਜ਼ਿਲ੍ਹਾ ਮੋਗਾ ਦੀ ਮਹਿਲਾ ਆਗੂ ਕੁਲਦੀਪ ਕੌਰ ਕੁੱਸਾ ਦੱਸਦੀ ਹੈ ਕਿ ਇਸ ਵਪਾਰੀ ਦੇ ਪਰਿਵਾਰ ਵੱਲੋਂ ਘਰ ਵਿਚ ਔਰਤਾਂ ਨੂੰ ਨਹਾਉਣ ਆਦਿ ਲਈ ਰੋਜ਼ਾਨਾ ਗਰਮ ਪਾਣੀ ਦਿੱਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਕਿਸਾਨ ਵੀ ਆਪਣੇ ਖੇਤਾਂ ’ਚੋਂ ਸਿੱਧੀ ਸਬਜ਼ੀ ਮੋਰਚਿਆਂ ਵਿਚ ਭੇਜ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਲੰਘੇ ਕੱਲ੍ਹ ਕੁਝ ਦੁਕਾਨਦਾਰ ਗੈਸ ਸਿਲੰਡਰ ਵੀ ਦੇ ਕੇ ਗਏ ਹਨ। ਬੋਤਲਾਂ ਵਾਲਾ ਪਾਣੀ ਅਤੇ ਫਲਾਂ ਦੀ ਸੇਵਾ ਤਾਂ ਹੁਣ ਆਮ ਬਣ ਗਈ ਹੈ। ਹਾਲਾਂਕਿ ਕਿਸਾਨਾਂ ਨੇ ਦਿੱਲੀ ਸੀਲ ਕਰ ਦਿੱਤੀ ਹੈ ਪਰ ਫਿਰ ਵੀ ਦਿੱਲੀ ਦੇ ਬਾਸ਼ਿੰਦੇ ਕਿਸਾਨਾਂ ਦੀ ਖਿਦਮਤ ਵਿਚ ਜੁਟੇ ਹੋਏ ਹਨ। ਹਰਿਆਣਾ ਪੁਲੀਸ ਦਾ ਇੱਕ ਸਿਪਾਹੀ ਤਾਂ ਇੱਕ ਕਿਸਾਨ ਦੇ ਗਲ ਲੱਗ ਕੇ ਰੋ ਹੀ ਪਿਆ। ਇੱਕ ਪੈਟਰੋਲ ਪੰਪ ਵਾਲੇ ਨੇ ਮੁਫਤ ਡੀਜ਼ਲ ਦੇਣਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਦੇ ਪਿੰਡਾਂ ’ਚੋਂ ਕਿਸਾਨ ਔਰਤਾਂ ਸਾਗ ਬਣਾ ਕੇ ਮੋਰਚਿਆਂ ਵਿਚ ਲਿਜਾ ਰਹੀਆਂ ਹਨ।
ਇਸੇ ਤਰ੍ਹਾਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਨ੍ਹਾਂ ਮੋਰਚਿਆਂ ਵਿਚ ਜਾਣ ਲੱਗੇ ਹਨ। ਕਿਸਾਨ ਮੋਰਚਿਆਂ ’ਚ ਸਿਆਸੀ ਧਿਰਾਂ ਤਰਫੋਂ ‘ਆਪ’ ਦੀ ਰਸੋਈ ਅਤੇ ਕਾਂਗਰਸ ਰਸੋਈ ਵੀ ਚੱਲ ਰਹੀ ਹੈ ਪਰ ਕਿਸਾਨ ਧਿਰਾਂ ਵੱਲੋਂ ਕਿਸੇ ਸਿਆਸੀ ਧਿਰ ਨੂੰ ਮੂੰਹ ਨਹੀਂ ਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਕਈ ਟਰੈਕਟਰ ਮਕੈਨਿਕ ਵੀ ਖੁਦ ਸੇਵਾਵਾਂ ਦੇ ਰਹੇ ਹਨ। ਬੀ.ਕੇ.ਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਇੱਕ ਡਾਕਟਰ ਨੇ ਔਰਤਾਂ ਨੂੰ ਨਹਾਉਣ ਆਦਿ ਲਈ ਆਪਣਾ ਹਸਪਤਾਲ ਹੀ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਦਾ ਦਰਦ ਹਰ ਤਬਕਾ ਸਮਝ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵਰਗਾਂ ਦੇ ਲੋਕ ਵੀ ਕਿਸਾਨਾਂ ਨੂੰ ਭਰਵੀਂ ਮਦਦ ਦੇ ਰਹੇ ਹਨ।
ਟਰੈਕਟਰ ਤੋਂ ਟਵਿੱਟਰ ਤੱਕ ਕਿਸਾਨੀ ਅੰਦੋਲਨ ਦੀ ਹਮਾਇਤ
‘ਟਰੈਕਟਰ ਤੋਂ ਟਵਿੱਟਰ’ ਤੱਕ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੋਦੀ ਮੀਡੀਆ ਦੇ ਟਾਕਰੇ ਲਈ ਵੀ ਆਮ ਲੋਕਾਂ ਨੇ ਮੁਹਿੰਮ ਭਖਾ ਦਿੱਤੀ ਹੈ। ਕਿਸਾਨ ਮੋਰਚਿਆਂ ਵਿਚ ਗੋਦੀ ਮੀਡੀਆ ਨੂੰ ਕਿਨਾਰੇ ’ਤੇ ਰੱਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਆਮ ਲੋਕ ਕਿਸਾਨੀ ਦੇ ਹੱਕ ਵਿਚ ਕੁੱਦੇ ਹੋਏ ਹਨ। ਭਾਵੇਂ ਕਿਸਾਨ ਅੰਦੋਲਨ ਦਾ ਕੋਈ ਆਈਟੀ ਸੈੱਲ ਨਹੀਂ ਪਰ ਆਮ ਪੜ੍ਹੇ ਲਿਖੇ ਲੋਕ ਹੀ ਕਿਸਾਨਾਂ ਦੇ ਬੁਲਾਰੇ ਬਣੇ ਹੋਏ ਹਨ।