ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਦਸੰਬਰ
ਪਿੰਗਲਵਾੜਾ ਵਿਚ ਪਲੇ ਇਕ ਸਰੀਰ ਵਾਲੇ ਜੌੜਾ ਬੱਚੇ ਸੋਹਣਾ-ਮੋਹਣਾ ਨੂੰ ਬਿਜਲੀ ਵਿਭਾਗ ਵਿਚ ਸਰਕਾਰੀ ਨੌਕਰੀ ਮਿਲ ਗਈ ਹੈ। ਚੋਣ ਕਮਿਸ਼ਨ ਵੱਲੋਂ ਇਨ੍ਹਾਂ ਦੀ ਵੋਟ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਹ ਬੱਚੇ 15 ਅਗਸਤ 2003 ਨੂੰ ਪਿੰਗਲਵਾੜਾ ਸੰਸਥਾ ਨੂੰ ਮਿਲੇ ਸਨ। ਇਨ੍ਹਾਂ ਇੱਥੇ ਹੀ ਭਗਤ ਪੂਰਨ ਸਿੰਘ ਆਦਰਸ਼ ਸਕੂਲ ਵਿਚ ਦਸਵੀਂ ਪਾਸ ਕੀਤੀ ਹੈ। ਸਰਕਾਰੀ ਬਹੁਤਕਨੀਕੀ ਕਾਲਜ ਵਿਚ ਬਿਜਲੀ ਦਾ ਡਿਪਲੋਮਾ ਕਰ ਰਹੇ ਹਨ। ਇਹ ਜਾਣਕਾਰੀ ਬੇਸਹਾਰਾ ਤੇ ਅਪਾਹਜ ਲੋਕਾਂ ਦੀ ਸੰਭਾਲ ਕਰ ਰਹੀ ਪਿੰਗਲਵਾੜਾ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦਿੱਤੀ। ਉਨ੍ਹਾਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਦੀ ਸੰਭਾਲ ਦੇ ਮੁੱਦਿਆਂ ਨੂੰ ਆਪਣੇ ਏਜੰਡੇ ਵਿਚ ਸ਼ਾਮਲ ਕਰਨ। ਉਨ੍ਹਾਂ ਸੋਹਣਾ ਅਤੇ ਮੋਹਣਾ ਨੂੰ ਬਿਜਲੀ ਵਿਭਾਗ ਵਿਚ ਨੌਕਰੀ ਮਿਲਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ।
ਇੱਥੇ ਪਿੰਗਲਵਾੜਾ ਵਿੱਚ ਅੱਜ ਮੀਡੀਆ ਨਾਲ ਗੱਲ ਕਰਦਿਆਂ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਦੇਸ਼ ਵਿਚ ਵੱਡੀ ਗਿਣਤੀ ਬੱਚੇ ਯਤੀਮ ਹਨ। ਕਰੋਨਾ ਕਾਰਨ ਇਨ੍ਹਾਂ ਬੱਚਿਆਂ ਦੀ ਗਿਣਤੀ ਵਧੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਸੰਭਾਲ ਅਤੇ ਪੜ੍ਹਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਚੇਰੀ ਸਿੱਖਿਆ ਵਿਚ ਦਾਖ਼ਲਾ ਅਤੇ ਨੌਕਰੀ ਲਈ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦੇ ਉਨ੍ਹਾਂ ਪਿਛਲੀਆਂ ਚੋਣਾਂ ਵੇਲੇ ਵੀ ਉਠਾਏ ਸਨ ਪਰ ਰਾਜਸੀ ਲੋਕਾਂ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਸਾਫ਼ ਵਾਤਾਵਰਨ ਵੱਲ ਧਿਆਨ ਦੇਣ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੋਲ਼ੇ (ਘੱਟ ਸੁਣਨ ਯੋਗ) ਬੱਚਿਆਂ ਲਈ ਸਰਕਾਰੀ ਸਕੂਲ ਅਤੇ ਸਪੈਸ਼ਲ ਬੱਚਿਆਂ ਲਈ ਵਧੇਰੇ ਅਧਿਆਪਕਾਂ ਦੀ ਲੋੜ ਹੈ।