ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 2 ਜੁਲਾਈ
ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ), ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿੱਚ ਵਾਪਰੀਆਂ ਬੇਅਦਬੀ ਦੀਆਂ ਤਿੰਨ ਘਟਨਾਵਾਂ ਦੀ ਜਾਂਚ ਕਰ ਰਹੀ ਸੀ, ਨੇ ਆਪਣੀ ਅੰਤਿਮ ਰਿਪੋਰਟ ਵਿੱਚ ਡੇਰਾ ਸੱਚਾ ਸੌਦਾ ਨੂੰ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਜਾਂਚ ਟੀਮ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਣੇ ਕਈ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਸਾਜ਼ਿਸ਼ਕਰਤਾ ਦੱਸਿਆ ਹੈ। ਇਨ੍ਹਾਂ ਵਿੱਚੋਂ ਤਿੰਨ ਡੇਰਾ ਪ੍ਰੇਮੀ ਫ਼ਰਾਰ ਹਨ। 467 ਪੇਜਾਂ ਦੀ ਇਹ ਰਿਪੋਰਟ ਸ਼ਨੀਵਾਰ ਨੂੰ ਉਸ ਸਮੇਂ ਜਨਤਕ ਕੀਤੀ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਰਿਪੋਰਟ ਸਿੱਖ ਆਗੂਆਂ ਨੂੰ ਸੌਂਪੀ। ਇਨ੍ਹਾਂ ਸਿੱਖ ਆਗੂਆਂ ਦੇ ਵਫਦ ਵਿੱਚ ਮੇਜਰ ਸਿੰਘ ਪੰਡੋਰੀ, ਚਮਕੌਰ ਸਿੰਘ, ਰੇਸ਼ਮ ਸਿੰਘ ਖੁਰਖਰਾਨਾ ਤੇ ਬਲਦੇਵ ਸਿੰਘ ਜੋਗੇਵਾਲ ਆਦਿ ਸ਼ਾਮਲ ਸਨ। ਇਹ ਜਾਂਚ ਟੀਮ ਬੀਤੇ ਸਾਲ 4 ਅਪਰੈਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਗਠਿਤ ਕੀਤੀ ਗਈ ਸੀ।