ਕਦੇ ਹਾਦਸਿਆਂ ਲਈ ਬਦਨਾਮ ਸਰਹਿੰਦ-ਪਟਿਆਲਾ ਰੋਡ ਹੁਣ ਬਣ ਰਹੀ ਮੁਸਾਫ਼ਰਾਂ ਲਈ ਵਰਦਾਨ
ਕਿਸੇ ਵੇਲੇ ਸੜਕ ਹਾਦਸਿਆਂ ਲਈ ਬਦਨਾਮ ਮੰਨੀ ਜਾਂਦੀ 29 ਕਿਲੋਮੀਟਰ ਲੰਮੀ ਸਰਹਿੰਦ-ਪਟਿਆਲਾ ਰੋਡ ਹੁਣ ਇੱਥੋਂ ਲੰਘਣ ਵਾਲੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੇ ਅਨੁਸਾਰ, ਡਿਵਾਈਡਰ (ਸੜਕ ਦੇ ਵਿਚਕਾਰਲਾ ਹਿੱਸਾ) ਬਣਾਉਣ ਦਾ ਕੰਮ ਮੁਕੰਮਲ ਹੋਣ...
ਕਿਸੇ ਵੇਲੇ ਸੜਕ ਹਾਦਸਿਆਂ ਲਈ ਬਦਨਾਮ ਮੰਨੀ ਜਾਂਦੀ 29 ਕਿਲੋਮੀਟਰ ਲੰਮੀ ਸਰਹਿੰਦ-ਪਟਿਆਲਾ ਰੋਡ ਹੁਣ ਇੱਥੋਂ ਲੰਘਣ ਵਾਲੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੇ ਅਨੁਸਾਰ, ਡਿਵਾਈਡਰ (ਸੜਕ ਦੇ ਵਿਚਕਾਰਲਾ ਹਿੱਸਾ) ਬਣਾਉਣ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ, ਜਿਸ ਤੋਂ ਬਾਅਦ ਸੜਕ 'ਤੇ ਮਾਰਕਿੰਗ (Road Markings) ਕੀਤੀ ਜਾਵੇਗੀ ਅਤੇ ਇਸ ਪੂਰੇ ਪ੍ਰਾਜੈਕਟ ਦੇ ਜੁਲਾਈ ਦੇ ਅੰਤ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਇੱਕ ਵਾਰ ਸੜਕ ਦੀ ਮਾਰਕਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਫ਼ਰ ਹੋਰ ਵੀ ਸੁਖਾਲਾ ਹੋ ਜਾਵੇਗਾ। ਇਸ ਰਸਤੇ 'ਤੇ ਆਮ ਤੌਰ 'ਤੇ ਲੱਗਣ ਵਾਲਾ ਸਫ਼ਰ ਦਾ ਸਮਾਂ, ਜੋ ਪਹਿਲਾਂ 40 ਤੋਂ 60 ਮਿੰਟ ਦੇ ਵਿਚਕਾਰ ਹੁੰਦਾ ਸੀ, ਹੁਣ ਘਟ ਕੇ 20 ਤੋਂ 30 ਮਿੰਟ ਰਹਿ ਗਿਆ ਹੈ।
ਇਹ ਸੜਕ ਪਟਿਆਲਾ ਨੂੰ ਗੁਆਂਢੀ ਸ਼ਹਿਰਾਂ ਅਤੇ ਜ਼ਿਲ੍ਹਿਆਂ ਨਾਲ ਜੋੜਦੀ ਹੈ ਜਿਸ ਵਿੱਚ ਮੰਡੀ ਗੋਬਿੰਦਗੜ੍ਹ, ਫ਼ਤਿਹਗੜ੍ਹ ਸਾਹਿਬ, ਮੁਹਾਲੀ ਅਤੇ ਚੰਡੀਗੜ੍ਹ ਸ਼ਾਮਲ ਹਨ। ਇਹ ਸੜਕ ਇੱਕ 'ਬਲੈਕ ਸਪਾਟ' (Black Spot) ਵਜੋਂ ਬਦਨਾਮ ਸੀ, ਜਿੱਥੇ ਵੱਡੀ ਗਿਣਤੀ ਵਿੱਚ ਹਾਦਸੇ ਅਤੇ ਮੌਤਾਂ ਹੁੰਦੀਆਂ ਸਨ।
ਸਰਹਿੰਦ-ਪਟਿਆਲਾ ਸੜਕ ਦੇ ਚਾਰ-ਮਾਰਗੀ (Four-Laning) ਹੋਣ ਨਾਲ ਪਟਿਆਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੰਪਰਕ 'ਚ ਕਾਫੀ ਸੁਧਾਰ ਹੋਣ ਤੇ ਟਰੈਫਿਕ ਜਾਮ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਇਸ ਪ੍ਰਾਜੈਕਟ ਨੂੰ ਪਹਿਲੀ ਵਾਰ ਦਸੰਬਰ 2021 ਵਿੱਚ ਉਸ ਵੇਲੇ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੁਆਰਾ 119.6 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ, ਪਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ।
ਸਾਲ 2023 ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲ ਦੇ ਅਧਾਰ 'ਤੇ ਸੜਕ ਨੂੰ ਚੌੜਾ ਕਰਨ ਦੇ ਹੁਕਮ ਦਿੱਤੇ, ਹਾਲਾਂਕਿ ਵਣ ਵਿਭਾਗ (Forest Department) ਵੱਲੋਂ ਰੁੱਖਾਂ ਦੀ ਕਟਾਈ ਨੂੰ ਲੈ ਕੇ ਇਤਰਾਜ਼ ਉਠਾਏ ਗਏ ਸਨ।
ਸੜਕ ਦਾ ਹਰ ਪਾਸਾ 8.75 ਮੀਟਰ ਚੌੜਾ ਹੋਵੇਗਾ। ਇਸ ਰੂਟ 'ਤੇ ਭਾਖੜਾ ਨਹਿਰ ਉੱਪਰ 10 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਇੱਕ ਸਟੀਲ ਦਾ ਪੁਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਸਿੱਧੂਵਾਲ ਦੇ ਨੇੜੇ ਬਣਿਆ ਸਟੀਲ ਦਾ ਪੁਲ ਪਹਿਲਾਂ ਹੀ ਟਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ।
ਧਾਰਮਿਕ ਪੱਖੋਂ ਵੀ ਇਹ ਸੜਕ ਬਹੁਤ ਮਹੱਤਵਪੂਰਨ ਹੈ। ਦਰਅਸਲ ਫ਼ਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹਗੜ੍ਹ ਸਿੰਘ ਜੀ ਦੀ ਯਾਦ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂ, ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਵੀ ਮੱਥਾ ਟੇਕਦੇ ਹਨ। ਦਸੰਬਰ ਦੇ ਆਖਰੀ ਹਫ਼ਤੇ ਇਸ ਰਸਤੇ 'ਤੇ ਟਰੈਕਟਰ-ਟਰਾਲੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ। ਪਹਿਲਾਂ, ਸਿੰਗਲ (ਇੱਕ ਪਾਸੜ) ਸੜਕ ਦੀ ਚੌੜਾਈ ਮਹਿਜ਼ 60 ਫੁੱਟ ਹੋਣ ਕਾਰਨ, ਸੜਕ ਕਿਨਾਰੇ ਲੱਗਣ ਵਾਲੇ ਲੰਗਰਾਂ ਦੇ ਨਾਲ-ਨਾਲ ਟਰੈਕਟਰ-ਟਰਾਲੀਆਂ ਦੀ ਆਵਾਜਾਈ ਕਾਰਨ ਇਸ ਰੂਟ 'ਤੇ ਟਰੈਫਿਕ ਬਹੁਤ ਪ੍ਰਭਾਵਿਤ ਹੁੰਦੀ ਸੀ।
