ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਅਕਤੂਬਰ
ਸਿੰਘੂ ਬਾਰਡਰ ’ਤੇ ਕਤਲ ਬਾਰੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਘਟਨਾ ਕਾਨੂੰਨ ਦੇ ਰਾਜ ਦੀ ਅਸਫ਼ਲਤਾ ਦਾ ਸਿੱਟਾ ਹੈ। ਉਨ੍ਹਾਂ ਇਸ ਘਟਨਾ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕਰਨ ਅਤੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਦੁਨੀਆ ਦੇ ਸਾਹਮਣੇ ਸਿੱਖ ਕੌਮ ਦਾ ਸਹੀ ਪੱਖ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਘਟਨਾ ਨੂੰ ਸਿਰਫ਼ ਅਮਨ ਤੇ ਕਾਨੂੰਨ ਦੇ ਮਸਲੇ ਵਜੋਂ ਨਾ ਲਵੇ ਸਗੋਂ ਧਾਰਮਿਕ ਸੰਵੇਦਨਸ਼ੀਲਤਾ ਅਤੇ ਭਾਵਨਾਤਮਕ ਨਜ਼ਰੀਏ ਤੋਂ ਦੇਖੇ। ਉਨ੍ਹਾਂ ਮੀਡੀਆ ਨੂੰ ਵੀ ਆਖਿਆ ਕਿ ਇਸ ਘਟਨਾ ਦੇ ਅਧੂਰੇ ਪੱਖ ਦਿਖਾ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਮੀਡੀਆ ਦਾ ਕੰਮ ਸਾਰੇ ਪੱਖ ਪੇਸ਼ ਕਰਨਾ ਹੈ ਅਤੇ ਇਸ ਦਾ ਨਤੀਜਾ ਲੋਕਾਂ ਤੇ ਛੱਡ ਦੇਣਾ ਚਾਹੀਦਾ .
ਉਨ੍ਹਾਂ ਕਿਹਾ ਕਿ ਪਿਛਲੇ ਪੰਜ ਛੇ ਸਾਲਾਂ ਦੌਰਾਨ ਪੰਜਾਬ ਵਿੱਚ ਚਾਰ ਸੌ ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਾਨੂੰਨ ਨੇ ਕਿਸੇ ਵੀ ਦੋਸ਼ੀ ਨੂੰ ਅਜਿਹੀ ਮਿਸਾਲੀ ਸਜ਼ਾ ਨਹੀਂ ਦਿੱਤੀ, ਜੋ ਸਿੱਖਾਂ ਦੇ ਜ਼ਖ਼ਮਾਂ ਤੇ ਮਰਹੱਮ ਲਗਾਉਣ ਦਾ ਕੰਮ ਕਰਦੀ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਬੇਅਦਬੀ ਦੀਆਂ ਘਟਨਾਵਾਂ ਨਾਲ ਜਿੱਥੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਇਨ੍ਹਾਂ ਘਟਨਾਵਾਂ ਪਿੱਛੇ ਪੰਜਾਬ ਵਿੱਚ ਫ਼ਿਰਕੂ ਅਤੇ ਜਾਤੀਵਾਦਕ ਬਖੇੜਾ ਖੜ੍ਹਾ ਕਰਕੇ ਭਾਈਚਾਰਕ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਨ ਦੀ ਸਾਜ਼ਿਸ਼ ਵੀ ਹੋ ਸਕਦੀ ਹੈ। ਉਨ੍ਹਾਂ ਹਰਿਆਣਾ ਤੇ ਪੰਜਾਬ ਪੁਲੀਸ ਨੂੰ ਆਖਿਆ ਕਿ ਉਹ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਨ ਅਤੇ ਕਿਸੇ ਵੀ ਬੇਕਸੂਰ ਸਿੱਖ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਸੰਕੋਚ ਕੀਤਾ ਜਾਵੇ।