ਬਿਨ ਬੋਲਿਆ ਯੁੱਧ: ਕਿਉਂ ਘੂਰ-ਘੂਰ ਕੇ ਵੇਂਹਦੇ ਹੋ...!
ਬਠਿੰਡਾ ’ਚ ਆਜ਼ਾਦੀ ਦਿਹਾੜੇ ਦੇ ਸਮਾਗਮਾਂ ’ਚ ਜਗਰੂਪ ਗਿੱਲ ਤੇ ਅਮਰਜੀਤ ਮਹਿਤਾ ’ਚ ਤਲਖ਼ੀ
ਬਠਿੰਡਾ ’ਚ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਮੌਕੇ ਰਾਸ਼ਟਰੀ ਗੀਤ ਤੋਂ ਐਨ ਪਹਿਲਾਂ ਸਿਆਸੀ ਤਲਖ਼ੀ ਦੀ ਗੂੰਜ ਪਈ। ਜਦੋਂ ਸਮਾਗਮ ਸਿਖਰ ’ਤੇ ਪਹੁੰਚੇ ਤਾਂ ਹਲਕਾ ਵਿਧਾਇਕ ਜਗਰੂਪ ਗਿੱਲ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦਰਮਿਆਨ ਨਜ਼ਰਾਂ ਦਾ ਭੇੜ ਹੋਇਆ। ਵਿਧਾਇਕ ਜਗਰੂਪ ਗਿੱਲ ਨੇ ਇੰਨਾ ਘੂਰ ਕੇ ਅਮਰਜੀਤ ਮਹਿਤਾ ਵੱਲ ਵੇਖਿਆ ਕਿ ਸਭ ਹੱਕੇ-ਬੱਕੇ ਰਹਿ ਗਏ। ਕੁਝ ਪਲਾਂ ਲਈ ਦੋਵਾਂ ਆਗੂਆਂ ਵਿਚਾਲੇ ਨਿਗਾਹਾਂ ਦਾ ਟਕਰਾਅ ਚੱਲਿਆ ਜਿਸ 'ਚੋਂ ਇੱਕ-ਦੂਸਰੇ ਪ੍ਰਤੀ ਅੰਦਰੂਨੀ ਅੱਗ ਦੀ ਲਪਟ ਸਾਫ਼ ਦੇਖੀ ਜਾ ਸਕਦੀ ਸੀ।
ਬਠਿੰਡਾ ਦੇ ਸਟੇਡੀਅਮ ’ਚ ਜਿਉਂ ਹੀ ਸਮਾਗਮ ਖ਼ਤਮ ਹੋਏ ਤਾਂ ਰਾਸ਼ਟਰੀ ਗਾਨ ਲਈ ਮੁੱਖ ਮਹਿਮਾਨ ਹਰਦੀਪ ਸਿੰਘ ਮੁੰਡੀਆ ਸਮੇਤ ਸਭ ਮਹਿਮਾਨ ਖੜ੍ਹੇ ਹੋਏ। ਚਸ਼ਮਦੀਦਾਂ ਅਨੁਸਾਰ ਅਮਰਜੀਤ ਮਹਿਤਾ ਨੇ ਮੁੱਖ ਮਹਿਮਾਨ ਮੁੰਡੀਆ ਦੇ ਨੇੜੇ ਖੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕ ਜਗਰੂਪ ਗਿੱਲ ਨੇ ਮਹਿਤਾ ਵੱਲ ਮੂੰਹ ਘੁਮਾ ਕੇ ਘੂਰੀ ਵੱਟੀ। ਅੱਗਿਓਂ ਸੁੰਨ ਹੋਏ ਮਹਿਤਾ ਵੀ ਗਿੱਲ ਵੱਲ ਟਿਕਟਿਕੀ ਲਾ ਕੇ ਵੇਖਣ ਲੱਗੇ। ਇੰਝ ਕੁਝ ਪਲ ਬਿਨਾਂ ਬੋਲਿਆਂ ਯੁੱਧ ਦੋਵਾਂ ਆਗੂਆਂ ਵਿਚਾਲੇ ਚੱਲਿਆ। ਹਾਵ-ਭਾਵ ਤੇ ਤੇਵਰਾਂ ਤੋਂ ਜਾਪਦਾ ਸੀ ਜਿਵੇਂ ਇੱਕ-ਦੂਜੇ ਨੂੰ ਵੰਗਾਰ ਰਹੇ ਹੋਣ।
ਮਾਹੌਲ ’ਚ ਜਦ ਤਲਖ਼ੀ ਬਣ ਗਈ ਤਾਂ ਐਨ ਮੌਕੇ ’ਤੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਮੌਕਾ ਸੰਭਾਲ ਲਿਆ। ਉਹ ਗਿੱਲ ਅਤੇ ਮਹਿਤਾ ਦੇ ਐਨ ਵਿਚਾਲੇ ਫਸ ਕੇ ਖੜ੍ਹ ਗਏ। ਡੌਰ-ਭੌਰ ਹੋਏ ਅਮਰਜੀਤ ਮਹਿਤਾ ਨੇ ਰਾਹਤ ਮਹਿਸੂਸ ਕੀਤੀ। ਆਖ਼ਰ ਮੁੱਖ ਮਹਿਮਾਨ ਮੁੰਡੀਆ ਨੇ ਅਮਰਜੀਤ ਮਹਿਤਾ ਨੂੰ ਆਪਣੇ ਸੱਜੇ ਹੱਥ ਬੁਲਾ ਲਿਆ। ਜਗਰੂਪ ਗਿੱਲ ਦੀਆਂ ਅੱਖਾਂ ’ਚੋਂ ਅੱਜ ਗ਼ੁੱਸਾ ਸਾਫ਼ ਲਿਸ਼ਕਿਆ। ਉਂਜ ਦੋਵੇਂ ਨੇਤਾਵਾਂ ਦੀ ਇੱਕ-ਦੂਜੇ ਵੱਲ ਝਾਕਣੀ ਚੁਣੌਤੀ ਵਾਂਗ ਸੀ। ਜਗਰੂਪ ਗਿੱਲ ਬਤੌਰ ਵਿਧਾਇਕ ਪ੍ਰੋਟੋਕਾਲ ਦਾ ਹਵਾਲਾ ਦੇ ਕੇ ਮੁੱਖ ਮਹਿਮਾਨ ਨਾਲ ਸਟੇਜ ’ਤੇ ਬੈਠੇ ਵੀ ਸਨ।
ਜਗਰੂਪ ਗਿੱਲ ਅਤੇ ਅਮਰਜੀਤ ਮਹਿਤਾ ਦੀ ਸਿਆਸੀ ਦੁਸ਼ਮਣੀ ਬਹੁਤੀ ਪੁਰਾਣੀ ਨਹੀਂ ਹੈ। ਨਗਰ ਨਿਗਮ ਚੋਣਾਂ ’ਚ ‘ਆਪ’ ਨੇ ਮਹਿਤਾ ਦੀ ਪੁਗਾਈ ਅਤੇ ਆਖ਼ਰ ਬਠਿੰਡਾ ਨਿਗਮ ਦੀ ਗੱਦੀ ’ਤੇ ਮਹਿਤਾ ਦਾ ਲੜਕਾ ਮੇਅਰ ਵਜੋਂ ਬੈਠਣ ’ਚ ਸਫ਼ਲ ਹੋ ਗਿਆ। ਵਿਧਾਇਕ ਜਗਰੂਪ ਗਿੱਲ ਆਪਣੀ ਨਾਰਾਜ਼ਗੀ ਪਹਿਲਾਂ ਵੀ ਜਨਤਕ ਤੌਰ ’ਤੇ ਜ਼ਾਹਰ ਕਰ ਚੁੱਕੇ ਹਨ। ਜਦੋਂ ਬਠਿੰਡਾ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ ਹੋਇਆ ਸੀ ਤਾਂ ਉਸ ਵੇਲੇ ਵੀ ਗਿੱਲ ਗੈਰ-ਹਾਜ਼ਰ ਸਨ। ਗਿੱਲ ਤੇ ਮਹਿਤਾ ’ਚ ਅੰਦਰ ਬਲਦੀ ਸਿਆਸੀ ਅੱਗ ਦਾ ਭਾਂਬੜ ਅੱਜ ਸਟੇਡੀਅਮ ’ਚ ਦੇਖਣ ਨੂੰ ਮਿਲਿਆ। ਮਗਰੋਂ ‘ਜਨ ਗਣ ਮਨ’ ਦੀ ਸੁਰ ਨੇ ਦੋਵਾਂ ਆਗੂਆਂ ਨੂੰ ਸ਼ਾਂਤ ਕੀਤਾ।
ਵਿਅੰਗਕਾਰ ਸੂਬਾ ਸਿੰਘ ਲਿਖਦੇ ਹਨ ਕਿ, ‘ਕਾਹਨੂੰ ਮਹਿਫਲ 'ਚ ਸੱਦਕੇ ਘੂਰਦੇ ਹੋ, ਮੈਂ ਕੋਈ ਗੱਦੀਓਂ ਲੱਥਾ ਵਜ਼ੀਰ ਤਾਂ ਨਹੀਂ।’ ਬਠਿੰਡਾ ਦੇ ਸਟੇਡੀਅਮ ’ਚ ਵਿਧਾਇਕ ਜਗਰੂਪ ਗਿੱਲ ਅਤੇ ਅਮਰਜੀਤ ਮਹਿਤਾ ਦੇ ਤੇਵਰ ਵੀ ਸ਼ਾਇਦ ਇਹੋ ਆਖ ਰਹੇ ਸਨ। ਪਤਾ ਲੱਗਿਆ ਹੈ ਕਿ ਜਦੋਂ ਸਮਾਗਮ ਚੱਲ ਰਹੇ ਸਨ ਤਾਂ ਮੁੱਖ ਮਹਿਮਾਨ ਦੇ ਇੱਕ ਪਾਸੇ ਵਿਧਾਇਕ ਅਮਿਤ ਰਤਨ ਕੋਟਫੱਤਾ ਬੈਠੇ ਸਨ। ਅਮਿਤ ਰਤਨ ਦਾ ਕਹਿਣਾ ਸੀ ਕਿ ਬਠਿੰਡਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਦੀ ਨਾਲ ਵਾਲੀ ਕੁਰਸੀ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਪ੍ਰੋਟੋਕਾਲ ਅਨੁਸਾਰ ਹੀ ਬੈਠੇ ਸਨ।
ਸੂਤਰ ਦੱਸਦੇ ਹਨ ਕਿ ਸ਼ਾਇਦ ਮੁੱਖ ਮਹਿਮਾਨ ਦੇ ਨਾਲ ਵਾਲੀ ਕੁਰਸੀ ’ਤੇ ਅਮਰਜੀਤ ਮਹਿਤਾ ਨੂੰ ਬਿਠਾਏ ਜਾਣ ਦੀ ਵਿਉਂਤਬੰਦੀ ਬਣਾਈ ਜਾ ਰਹੀ ਸੀ। ਅੱਜ ਦੇ ਸਮਾਗਮਾਂ ’ਚ ਕੁਝ ਪਲਾਂ ਦੀ ਤਲਖ਼ ਤਸਵੀਰ ਹੁਣ ਸੋਸ਼ਲ ਮੀਡੀਆ ਦੇ ਵਿਹੜੇ ’ਚ ਤੇਜ਼ੀ ਨਾਲ ਘੁੰਮ ਰਹੀ ਹੈ।

