ਮਾਲਵਾ ਖੇਤਰ ਦੇ ਵਾਸੀਆਂ ਲਈ ਦਿੱਲੀ ਦਾ ਹਵਾਈ ਸਫ਼ਰ ਹੁਣ ਮੁਸ਼ਕਲ ਹੋ ਗਿਆ ਹੈ। ਪਹਿਲਾਂ ਫਲਾਈਬਿੱਗ ਅਤੇ ਹੁਣ ਅਲਾਇੰਸ ਏਅਰ ਵੱਲੋਂ ਸੇਵਾਵਾਂ ਬੰਦ ਕੀਤੇ ਜਾਣ ਨਾਲ ਹਵਾਈ ਅੱਡੇ ਦੇ ਭਵਿੱਖ ’ਤੇ ਸਵਾਲ ਖੜ੍ਹੇ ਹੋ ਗਏ ਹਨ।
ਹਵਾਈ ਅੱਡੇ ਦੇ ਅਸਿਸਟੈਂਟ ਡਾਇਰੈਕਟਰ ਕੌਸ਼ਲ ਕੰਬੋਜ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਉਡਾਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਹਨ ਪਰ ਹਵਾਈ ਸੇਵਾ ਬੰਦ ਹੋ ਗਈ ਹੈ। ਅਲਾਇੰਸ ਏਅਰ ਨੇ ਬਠਿੰਡਾ-ਦਿੱਲੀ ਉਡਾਣ ਬੰਦ ਕਰਨ ਸਬੰਧੀ ਲਿਖਤੀ ਸੂਚਨਾ ਦੇ ਦਿੱਤੀ ਹੈ।
ਕੰਪਨੀ ਇਸ ਰੂਟ ’ਤੇ ਹਫ਼ਤੇ ਵਿੱਚ ਪੰਜ ਦਿਨ ਰੋਜ਼ਾਨਾ ਇੱਕ ਉਡਾਣ ਚਲਾਉਂਦੀ ਸੀ। 6 ਅਕਤੂਬਰ ਤੋਂ ਬਾਅਦ ਹਵਾਈ ਸੇਵਾ ਠੱਪ ਹੋ ਗਈ ਹੈ। ਕੰਪਨੀ ਨੇ ਕੁਝ ਹੋਰ ਹਵਾਈ ਅੱਡਿਆਂ ਤੋਂ ਵੀ ਸੇਵਾਵਾਂ ਬੰਦ ਕੀਤੀਆਂ ਹਨ।
ਇਲਾਕਾ ਵਾਸੀਆਂ ’ਚ ਰੋਸ
ਇਸ ਤੋਂ ਪਹਿਲਾਂ ਫਲਾਈਬਿੱਗ ਕੰਪਨੀ ਨੇ ਬਠਿੰਡਾ ਤੋਂ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਲਈ ਉਡਾਣਾਂ ਬੰਦ ਕਰ ਦਿੱਤੀਆਂ ਸਨ। ਹੁਣ ਅਲਾਇੰਸ ਏਅਰ ਦੀ ਸੇਵਾ ਬੰਦ ਹੋਣ ਨਾਲ ਬਠਿੰਡਾ ਦਾ ਦਿੱਲੀ ਨਾਲ ਸਿੱਧਾ ਹਵਾਈ ਸੰਪਰਕ ਵੀ ਟੁੱਟ ਗਿਆ ਹੈ, ਜਿਸ ਕਾਰਨ ਲੋਕਾਂ ’ਚ ਰੋਸ ਹੈ। ਲਗਾਤਾਰ ਸੇਵਾਵਾਂ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਹਵਾਈ ਸਫ਼ਰ ਦੀ ਸਹੂਲਤ ਤੋਂ ਵਾਂਝੇ ਹੋਣਾ ਪੈ ਰਿਹਾ ਹੈ। ਹੁਣ ਕਾਰੋਬਾਰ, ਇਲਾਜ ਅਤੇ ਹੋਰ ਜ਼ਰੂਰੀ ਕੰਮਾਂ ਲਈ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਸੜਕ ਜਾਂ ਰੇਲ ਰਾਹੀਂ ਸਫ਼ਰ ਕਰਨਾ ਪਵੇਗਾ। ਹਾਲੇ ਤੱਕ ਉਡਾਣਾਂ ਮੁੜ ਸ਼ੁਰੂ ਹੋਣ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮਾਲਵੇ ਦੇ ਲੋਕਾਂ ਨੂੰ ਹਵਾਈ ਸਫ਼ਰ ਦੀ ਸਹੂਲਤ ਮੁੜ ਕਦੋਂ ਮਿਲੇਗੀ।

