ਰੱਖੜ ਪੁੰਨਿਆ ਤੇ ਅਕਾਲੀ ਫਾਰਮ ਬਾਬਾ ਬਕਾਲਾ ਵਿਖੇ ਸ਼੍ੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਮਹਾਨ ਬਲੀਦਾਨ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਹਿੰਦੂਤਵ ਦੀ ਵਿਚਾਰਧਾਰਾ ਨੂੰ ‘ਵੰਦੇ ਮਾਤਰਮ’ ਵਰਗੇ ਗੀਤਾਂ ਰਾਹੀਂ ਸਿੱਖਾਂ ’ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ਾਂ ਵਿੱਚ ਵੀ ਸਿੱਖਾਂ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਪੰਥ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।
ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੈ ਅਤੇ ਜੇ ਸਿੱਖ ਇਸ ਸਿਧਾਂਤ ਤੋਂ ਪਾਸੇ ਹੁੰਦੇ ਹਨ ਤਾਂ ਉਨ੍ਹਾਂ ਦੀ ਕੀਤੀ ਘਾਲਣਾ ਅਜਾਈਂ ਜਾ ਸਕਦੀ ਹੈ। ਸਕੂਲਾਂ ਵਿੱਚ ‘ਵੰਦੇ ਮਾਤਰਮ’ ਰਾਹੀਂ ਦੁਰਗਾ ਦੀ ਉਪਾਸਨਾ ਨਾਲ ਜੋੜਨ ਦੀ ਕੋਸ਼ਿਸ਼ ਦਾ ਹੁਣ ਸਿੱਖ ਕੌਮ ਨੂੰ ਵਿਰੋਧ ਕਰਨਾ ਪਵੇਗਾ।
ਇਸ ਮੌਕੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਯਾਦ ਕੀਤਾ ਗਿਆ। ਆਗੂਆਂ ਵੱਲੋਂ 5 ਸਤੰਬਰ ਨੂੰ ਅਕਾਲ ਤਖ਼ਤ ਵਿਖੇ ਅਰਦਾਸ ਕਰਨ ਅਤੇ 15 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਜਮਹੂਰੀਅਤ ਦਿਹਾੜਾ ਮਨਾਉਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਪਾਰਟੀ ਦੇ ਸਮੂਹ ਜਨਰਲ ਸਕੱਤਰ ਅਹੁਦੇਦਾਰ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

