Congress ਦੇ ਰਾਜ ’ਚ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ: ਰਵੀ ਸ਼ੰਕਰ
ਭਾਜਪਾ ਨੇ ਸਿੱਖ ਕਤਲੇਆਮ ਦੀ ਯਾਦ ’ਚ ‘ਜ਼ਖ਼ਮ 84 ਦੇ’ ਸੰਮੇਲਨ ਕਰਵਾਇਆ
ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿੱਚ 1984 ਦੇ ਸਿੱਖ ਕਤਲੇਆਮ ਦੀ ਯਾਦ ’ਚ ‘ਜ਼ਖ਼ਮ 84 ਦੇ’ ਸੰਮੇਲਨ ਕਰਵਾਇਆ ਗਿਆ। ਸੰਮੇਲਨ ਵਿੱਚ ਸਿੱਖ ਕਤਲੇਆਮ ਦੇ ਪੀੜਤਾਂ ਦੇ ਦਰਦ ਨੂੰ ਬਿਆਨ ਕੀਤਾ। ਇਸ ਦੇ ਨਾਲ ਚਾਰ ਦਹਾਕਿਆਂ ਤੱਕ ਸਿੱਖ ਕਤਲੇਆਮ ਦੀ ਕਾਨੂੰਨੀ ਲੜਾਈ ਲੜਨ ਵਾਲਿਆਂ ਨੇ ਕਿਹਾ ਕਿ ਸਿੱਖ ਕਤਲੇਆਮ ਕਾਂਗਰਸ ਦੀ ਸਾਜ਼ਿਸ਼ ਸੀ। ਇਸੇ ਲਈ ਕਾਂਗਰਸ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ‘84 ਦੇ ਜ਼ਖ਼ਮ’ ਅਤੇ ‘ਚਿੱਟੇ ਦੀ ਪੀੜਾ’ ਪੰਜਾਬ ਦੇ ਦੋ ਡੂੰਘੇ ਜ਼ਖ਼ਮ ਹਨ। ਇਨ੍ਹਾਂ ਜ਼ਖ਼ਮਾਂ ’ਤੇ ਮੱਲ੍ਹਮ ਉਦੋਂ ਤੱਕ ਨਹੀਂ ਲੱਗ ਸਕਦੀ, ਜਦੋਂ ਕਿ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਦਾ। ਪਹਿਲੀ ਨਵੰਬਰ ਨੂੰ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਰੈਲੀ ਕਰ ਕੇ ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਕਾਂਗਰਸ ਸਰਕਾਰ ਸਮੇਂ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਸੱਜਣ ਕੁਮਾਰ ਵਰਗੇ ਆਗੂਆਂ ਨੂੰ ਸਜ਼ਾ ਦੇਣ ਦਾ ਕੰਮ ਕੀਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗੀ ਜਦੋਂ ਤੱਕ ਆਖਰੀ ਦੋਸ਼ੀ ਨੂੰ ਵੀ ਸਜ਼ਾ ਨਹੀਂ ਦਿਵਾਈ ਜਾਂਦੀ। ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਕਿਹਾ ਕਿ ਰਾਹੁਲ ਗਾਂਧੀ 1984 ਦੇ ਸਿੱਖ ਕਤਲੇਆਮ ਬਾਰੇ ਜਵਾਬ ਦੇਣਾ ਚਾਹੀਦਾ ਹੈ। ਸਿੱਖ ਕਤਲੇਆਮ ਦੀ ਕਾਨੂੰਨੀ ਲੜਾਈ ਲੜਨ ਵਾਲੇ ਐਡਵੋਕੇਟ ਐਚ ਐੱਸ ਫੂਲਕਾ ਨੇ ਕਿਹਾ ਕਿ ਵਾਜਪਾਈ ਸਰਕਾਰ ਦੌਰਾਨ ਨਾਨਾਵਤੀ ਕਮਿਸ਼ਨ ਨੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਮੋਦੀ ਸਰਕਾਰ ਦੇ ਸਮੇਂ ਕਾਨੂੰਨੀ ਪੈਰਵੀ ਵਿੱਚ ਤੇਜ਼ੀ ਆਈ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਸਮੇਤ ਹੋਰ ਮਾਮਲਿਆਂ ਵਿੱਚ ਸਜ਼ਾਵਾਂ ਹੋਈਆਂ। ਟਾਈਟਲਰ ਖ਼ਿਲਾਫ਼ ਕੇਸ ਜਾਰੀ ਹੈ, ਜਦਕਿ ਕਮਲ ਨਾਥ ਖ਼ਿਲਾਫ਼ ਕਾਰਵਾਈ ਬਾਕੀ ਹੈ। ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਸ਼ਿਵ ਨਾਰਾਇਣ ਢੀਂਗਰਾ (ਸੇਵਾਮੁਕਤ) ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਯੋਜਨਾਬੱਧ ਅਤੇ ਸਰਕਾਰੀ ਸਰਪ੍ਰਸਤੀ ਹੇਠ ਅੰਜਾਮ ਦਿੱਤਾ ਗਿਆ ਕਤਲੇਆਮ ਸੀ। ਇਸ ਦੌਰਾਨ ਫੋਟੋ ਪ੍ਰਦਰਸ਼ਨੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ।
ਕਤਲੇਆਮ ਦੇ ਪੀੜਤਾਂ ਨੇ ਹੱਡ-ਬੀਤੀ ਸੁਣਾਈ
ਸੰਮੇਲਨ ਵਿੱਚ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੇ ਹੱਡ ਬੀਤੀ ਸੁਣਾਈ। ਬੀਬੀ ਨਿਰਪ੍ਰੀਤ ਕੌਰ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨੂੰ ਉੱਜੜਦੇ ਦੇਖਿਆ ਅਤੇ ਕਿਵੇਂ ਇਨਸਾਫ਼ ਲਈ ਲੰਮੀ ਲੜਾਈ ਲੜਨੀ ਪਈ। ਆਤਮਾ ਸਿੰਘ ਲੁਬਾਣਾ, ਬੀਬੀ ਨਿਰਪ੍ਰੀਤ, ਦਰਸ਼ਣ ਕੌਰ, ਸਤਪਾਲ ਕੌਰ, ਸੋਨੀਆ ਕੌਰ, ਜੰਗਸ਼ੇਰ ਸਿੰਘ ਸਣੇ ਹੋਰ ਪੀੜਤਾਂ ਨੇ ਕਾਂਗਰਸ ’ਤੇ ਮੁਆਫ਼ੀ ਨਾ ਮੰਗਣ ਦੇ ਦੋਸ਼ ਲਾਉਂਦਿਆਂ ਰਾਹੁਲ ਗਾਂਧੀ ਨੂੰ ਇਸ ਮਾਮਲੇ ਵਿੱਚ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ।
ਕੇਂਦਰੀ ਸਿੰਘ ਸਭਾ ਵੱਲੋਂ ਸਿੱਖ ਨਸਲਕੁਸ਼ੀ ਬਾਰੇ ਸੈਮੀਨਾਰ
ਚੰਡੀਗੜ੍ਹ (ਟਨਸ): ਕੇਂਦਰੀ ਸਿੰਘ ਸਭਾ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਬੁੱਧਵਾਰ ਨੂੰ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਰਾਜਸੀ ਚਿੰਤਕਾਂ ਨੇ ਕਿਹਾ ਕਿ ਕਾਂਗਰਸ ਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਸੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਕਿਹਾ ਕਿ ਕਤਲੇਆਮ ਪਿੱਛੇ ਰਾਜਨੀਤਿਕ ਮਕਸਦ ਸਿੱਖਾਂ ਦੇ ਰਾਜਨੀਤਿਕ ਵਿਰੋਧ ਨੂੰ ਆਉਣ ਵਾਲੇ ਲੰਮੇ ਸਮੇਂ ਤੱਕ ਕੁਚਲਣਾ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਸਿੱਖਾਂ ਦੇ ਇਕ ਹਿੱਸੇ ਅਤੇ ਉਨ੍ਹਾਂ ਦੀ ਰਾਜਨੀਤਕ ਜਥੇਬੰਦੀ ਨੇ ਹਿੰਦੂਤਵ ਪਾਰਟੀ ਨਾਲ ਹੱਥ ਮਿਲਾ ਕੇ ਅਤੇ ਗੱਠਜੋੜ ਕਰਕੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਸਿੱਧੇ ਤੌਰ ’ਤੇ ਸਮਰਥਨ ਦਿੱਤਾ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਭਾਰਤ ਦੀ ਵੰਡ ਦੌਰਾਨ ਹੋਈਆਂ ਹੱਤਿਆਵਾਂ ਅਤੇ 1984 ਦਾ ਸਿੱਖ ਕਤਲੇਆਮ ਦੋਵੇਂ ਉਸ ਸਮੇਂ ਦੀ ਹਾਕਮ ਕਾਂਗਰਸ ਦੀ ਹਿੰਦੂਤਵ ਅਤੇ ਬਹੁਗਿਣਤੀਵਾਦੀ ਰਾਜਨੀਤੀ ਦੇ ਨਤੀਜੇ ਸਨ। ਪੱਤਰਕਾਰ ਜਸਪਾਲ ਸਿੱਧੂ ਨੇ ਕਿਹਾ ਕਿ ਨਫ਼ਰਤ ਫੈਲਾਉਣ ਵਾਲੀ ਇਸ ਮਾੜੀ ਰਾਜਨੀਤੀ ਨੇ ਹੀ ਕਤਲੇਆਮ ਦਾ ਰਾਹ ਪੱਧਰਾ ਕੀਤਾ। ਸਾਬਕਾ ਆਈਏਐੱਸ ਅਧਿਕਾਰੀ ਗੁਰਤੇਜ ਸਿੰਘ ਅਤੇ ਪ੍ਰੋ. ਦਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਕਤਲੇਆਮ ਦੌਰਾਨ ਆਪਣੇ ਘਰਾਂ ਨੂੰ ਜਾ ਰਹੇ ਵਰਦੀਧਾਰੀ ਸਿੱਖ ਫ਼ੌਜੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਇਸ ਮੌਕੇ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਗਜੀਤ ਸਿੰਘ ਰੱਤਨਗੜ੍ਹ, ਹਮੀਰ ਸਿੰਘ, ਕੈਪ. ਗੁਰਦੀਪ ਸਿੰਘ ਘੁੰਮਣ, ਹਾਕਮ ਸਿੰਘ (ਨੱਤਿਆ), ਪ੍ਰੀਤਮ ਸਿੰਘ ਰੁਪਾਲ ਅਤੇ ਮੋਹਿੰਦਰ ਸਿੰਘ ਮੋਰਿੰਡਾ ਨੇ ਵਿਚਾਰ ਪੇਸ਼ ਕੀਤੇ।

