DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਬੂ ਧਾਬੀ ’ਚ ਸਿੱਖ ਬਜ਼ੁਰਗ ਦੀ ਪੱਗ ਤੇ ਕਿਰਪਾਨ ਜਬਰੀ ਲੁਹਾਈ

ਟੂਰਿਸਟ ਵੀਜ਼ਾ ’ਤੇ ਗਏ ਕੈਥਲ ਵਾਸੀ ਅੰਮ੍ਰਿਤਧਾਰੀ ਸਿੱਖ ਨੂੰ 20 ਦਿਨਾਂ ਲਈ ਹਿਰਾਸਤ ’ਚ ਰੱਖਿਆ
  • fb
  • twitter
  • whatsapp
  • whatsapp
Advertisement

ਜੁਪਿੰਦਰਜੀਤ ਸਿੰਘ

ਚੰਡੀਗੜ੍ਹ, 3 ਜੂਨ

Advertisement

ਅਬੂ ਧਾਬੀ ਵਿੱਚ ਸਿੱਖ ਬਜ਼ੁਰਗ ਨੂੰ ਹਿਰਾਸਤ ਦੌਰਾਨ ਅਪਮਾਨ ਸਹਿਣ ਤੋਂ ਇਲਾਵਾ ਕਥਿਤ ਤੌਰ ’ਤੇ ਆਪਣੀ ਕਿਰਪਾਨ ਅਤੇ ਪੱਗ ਉਤਾਰਨ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਵੀਂ ਦਿੱਲੀ ਵਾਸੀ ਮਨਪ੍ਰੀਤ ਸਿੰਘ ਨੇ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਮੁਤਾਬਕ ਅਬੂ ਧਾਬੀ ਵਿੱਚ ਉਸ ਦੇ ਪਿਤਾ ਦਲਵਿੰਦਰ ਸਿੰਘ ਨੂੰ ਤਸ਼ੱਦਦ ਅਤੇ ਭਾਰੀ ਪ੍ਰੇਸ਼ਾਨੀ ਝੱਲਣੀ ਪਈ ਹੈ। ਮਨਪ੍ਰੀਤ ਸਿੰਘ ਨੇ ਆਪਣੇ ਪਿਤਾ ਨਾਲ ਵਾਪਰੇ ਦੁਖਦਾਈ ਵਰਤਾਰੇ ਬਾਰੇ ਜਾਣਕਾਰੀ ਦਿੱਤੀ ਹੈ। ਕੈਥਲ ਦੇ ਅੰਮ੍ਰਿਤਧਾਰੀ ਬਜ਼ੁਰਗ ਦਲਵਿੰਦਰ ਸਿੰਘ 21 ਅਪਰੈਲ ਨੂੰ ਗਰੁੱਪ ਨਾਲ ਟੂਰਿਸਟ ਵੀਜ਼ਾ ’ਤੇ ਅਬੂ ਧਾਬੀ ਗਏ ਸਨ। ਜਦੋਂ ਉਹ ਸਾਰੇ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਮੰਦਰ ਗਏ ਤਾਂ ਅਬੂ ਧਾਬੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਕਿਰਪਾਨ ਬਾਰੇ ਪੁੱਛ-ਪੜਤਾਲ ਕੀਤੀ।

ਇਸ ਦੌਰਾਨ ਟੂਰ ਗਾਈਡਾਂ ਅਤੇ ਮੰਦਰ ਪ੍ਰਬੰਧਕਾਂ ਵੱਲੋਂ ਚਿੰਨ੍ਹਾਂ ਦੀ ਧਾਰਮਿਕ ਮਹੱਤਤਾ ਬਾਰੇ ਸਮਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਧਿਕਾਰੀ ਕੁਝ ਵੀ ਮੰਨਣ ਲਈ ਤਿਆਰ ਨਹੀਂ ਹੋਏ ਤੇ ਦਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਨੂੰ 20 ਦਿਨਾਂ ਦੀ ਹਿਰਾਸਤ ਦੌਰਾਨ ਭਾਰੀ ਅਪਮਾਨ ਅਤੇ ਮਾਨਸਿਕ ਤਸੀਹੇ ਝੱਲਣੇ ਪਏ। ਸੀਆਈਡੀ, ਬਨਿਆਸ ਜੇਲ੍ਹ ਅਧਿਕਾਰੀਆਂ ਅਤੇ ਰਾਬਾ ਜੇਲ੍ਹ ਅਧਿਕਾਰੀਆਂ ਨੇ ਪਹਿਲਾਂ ਤਾਂ ਇਸ ਗੱਲ ਤੋਂ ਹੀ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਬਾਅਦ ਵਿੱਚ ਦਲਵਿੰਦਰ ਸਿੰਘ ’ਤੇ ਪੁਲੀਸ ਨਾਲ ਬਹਿਸ ਕਰਨ ਦੇ ਦੋਸ਼ ਲਾ ਦਿੱਤੇ। ਹਾਲਾਂਕਿ ਦਲਵਿੰਦਰ ਸਿੰਘ ਯੂਏਈ ਦੀ ਸਥਾਨਕ ਜ਼ੁਬਾਨ ਜਾਂ ਅੰਗਰੇਜ਼ੀ ਭਾਸ਼ਾ ਨਹੀਂ ਜਾਣਦੇ ਸਨ, ਜਿਸ ਕਾਰਨ ਬਹਿਸ ਦੇ ਦੋਸ਼ ਬੇਬੁਨਿਆਦ ਸਾਬਤ ਹੋਏ ਅਤੇ ਇਸ ਦਾ ਅਦਾਲਤੀ ਹੁਕਮ ਵਿੱਚ ਵੀ ਜ਼ਿਕਰ ਨਹੀਂ ਕੀਤਾ ਗਿਆ।

ਮਨਪ੍ਰੀਤ ਸਿੰਘ ਨੇ ਕਿਹਾ ਕਿ ਨਜ਼ਰਬੰਦੀ ਦੌਰਾਨ ਦਲਵਿੰਦਰ ਸਿੰਘ ਨੂੰ ਅਣਮਨੁੱਖੀ ਹਾਲਤਾਂ ਵਿੱਚ ਰੱਖਿਆ ਗਿਆ। ਉਨ੍ਹਾਂ ਦੀ ਪੱਗ, ਕੜਾ ਅਤੇ ਕੰਘਾ ਜ਼ਬਰਦਸਤੀ ਉਤਾਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਨੰਗੇ ਸਿਰ ਰਹਿਣਾ ਪਿਆ। ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਨਜ਼ਰਬੰਦੀ ਦੇ ਆਖ਼ਰੀ ਦਿਨਾਂ ਵਿੱਚ ਉਨ੍ਹਾਂ ਨੂੰ ਜੇਲ੍ਹ ਭੇਜ ਦਿਤਾ ਗਿਆ, ਜਿੱਥੇ ਉਨ੍ਹਾਂ ਨੂੰ ਸ਼ਾਕਾਹਾਰੀ ਹੋਣ ਦੇ ਬਾਵਜੂਦ ਮਾਸਾਹਾਰੀ ਭੋਜਨ ਪਰੋਸਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਪੱਗ ਤੋਂ ਬਿਨਾਂ ਹੀ ਮੁਲਕ ਵਿੱਚੋਂ ਡਿਪੋਰਟ ਕਰ ਦਿੱਤਾ ਗਿਆ ਜਿਸ ਕਾਰਨ ਉਸ ਦੇ ਪਿਤਾ ਨੂੰ ਭਾਰੀ ਨਮੋਸ਼ੀ ਝੱਲਣੀ ਪਈ।

Advertisement
×