ਸਿੱਧੂ ਦਾ ਤਾਜਪੋਸ਼ੀ ਸਮਾਰੋਹ ਭਲਕੇ, ਮੁੱਖ ਮੰਤਰੀ ਦੇ ਪੁੱਜਣ ਬਾਰੇ ਸ਼ਸ਼ੋਪੰਜ ਕਾਇਮ

ਸਿੱਧੂ ਦਾ ਤਾਜਪੋਸ਼ੀ ਸਮਾਰੋਹ ਭਲਕੇ, ਮੁੱਖ ਮੰਤਰੀ ਦੇ ਪੁੱਜਣ ਬਾਰੇ ਸ਼ਸ਼ੋਪੰਜ ਕਾਇਮ

ਚਰਨਜੀਤ ਭੁੱਲਰ
ਚੰਡੀਗੜ੍ਹ, 21 ਜੁਲਾਈ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ 23 ਜੁਲਾਈ ਨੂੰ ਹੋਵੇਗਾ, ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਨੂੰ ਲੈ ਕੇ ਸ਼ਸ਼ੋਪੰਜ ਬਣੀ ਹੋਈ ਹੈ। ਭਾਵੇਂ ਕਿ ਬਹੁਗਿਣਤੀ ਵਿਧਾਇਕਾਂ ਨੇ ਨਵਜੋਤ ਸਿੱਧੂ ਦੀ ਅਗਵਾਈ ਕਬੂਲ ਲਈ ਹੈ ਪਰ ਫਿਰ ਵੀ ਕਾਂਗਰਸ ਅੰਦਰ ਬਣੀ ਖਿੱਚੋਤਾਣ ਦਾ ਪਰਛਾਵਾਂ ਤਾਜਪੋਸ਼ੀ ਸਮਾਗਮ ’ਤੇ ਪਵੇਗਾ। ਮੁੱਖ ਮੰਤਰੀ ਇਸ ਸਮਾਰੋਹ ’ਚੋਂ ਗੈਰਹਾਜ਼ਰ ਰਹੇ ਤਾਂ ਅੰਦਰੂਨੀ ਤਲਖੀ ਹੋਰ ਵਧੇਗੀ। ਵਿਰੋਧੀ ਧਿਰਾਂ ਨੇ ਕਾਂਗਰਸ ਦੇ ਪਾਟੋਧਾੜ ’ਤੇ ਟੇਕ ਲਗਾਈ ਹੋਈ ਹੈ। ਜੇਕਰ ਮੁੱਖ ਮੰਤਰੀ ਇਸ ਸਮਾਰੋਹ ਵਿੱਚ ਆਏ ਤਾਂ ਇਹ ਕਾਂਗਰਸ ਲਈ ਸ਼ੁਭ ਸੰਕੇਤ ਹੋਵੇਗਾ।

ਤਾਜਪੋਸ਼ੀ ਸਮਾਗਮ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਨਾਲ ਮਿਲਣੀ ਵੀ ਹੁਣ ਮੁਸ਼ਕਿਲ ਹੀ ਜਾਪਦੀ ਹੈ ਪਰ ਅੱਜ ਕਰੀਬ 62 ਵਿਧਾਇਕਾਂ ਵੱਲੋਂ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤਾਜਪੋਸ਼ੀ ਸਮਾਗਮ ਦਾ ਸੱਦਾ ਪੱਤਰ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ। ਵਿਧਾਇਕਾਂ ਵੱਲੋਂ ਪਾਸ ਕੀਤੇ ਗਏ ਲਿਖਤੀ ਮਤੇ ਵਿੱਚ ਕਿਹਾ ਗਿਆ ਹੈ ਕਿ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨ ਬਣਾਏ ਗਏ ਹਨ ਅਤੇ ਹਾਈਕਮਾਨ ਦੇ ਫੈਸਲੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਇਨ੍ਹਾਂ ਸਭਨਾਂ ਨੂੰ ਅਸ਼ੀਰਵਾਦ ਦੇਣ ਲਈ ਸਮਾਗਮ ’ਚ ਸ਼ਮੂਲੀਅਤ ਕਰਨ।

ਪ੍ਰਾਪਤ ਵੇਰਵਿਆਂ ਅਨੁਸਾਰ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਮੁੱਖ ਮੰਤਰੀ ਦਫ਼ਤਰ ਤੋਂ ਸਮਾਂ ਮੰਗਿਆ ਹੈ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਸਮਾਂ ਨਹੀਂ ਸੀ ਮਿਲਿਆ। ਭਲਕੇ ਕੁਲਜੀਤ ਨਾਗਰਾ ਦਾ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਨੂੰ ਸੱਦਾ ਪੱਤਰ ਦੇਣ ਦਾ ਪ੍ਰੋਗਰਾਮ ਹੈ। ਅੱਜ ਨਵਜੋਤ ਸਿੱਧੂ ਨੂੰ ਅੰਮ੍ਰਿਤਸਰ ਵਿਚ ਵਿਧਾਇਕਾਂ ਦਾ ਵੱਡਾ ਸਮਰਥਨ ਮਿਲਿਆ ਹੈ। ਕਰੀਬ 62 ਵਿਧਾਇਕਾਂ ਵੱਲੋਂ ਅੱਜ ਨਵਜੋਤ ਸਿੱਧੂ ਦੀ ਰਿਹਾਇਸ਼ ਵਿਖੇ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਵੱਲੋਂ ਅਜੇ ਤੱਕ ਤਾਜਪੋਸ਼ੀ ਸਮਾਗਮ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਮਿਲੇ ਵੇਰਵਿਆਂ ਅਨੁਸਾਰ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ 23 ਜੁਲਾਈ ਨੂੰ ਸਵੇਰੇ 11 ਵਜੇ ਤਾਜਪੋਸ਼ੀ ਸਮਾਗਮ ਹੋਵੇਗਾ ਅਤੇ ਇਸ ਸਮਾਰੋਹ ਦੌਰਾਨ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਡੈਨੀ, ਸੰਗਤ ਸਿੰਘ ਗਿਲਜ਼ੀਆਂ ਅਤੇ ਪਵਨ ਗਰਗ ਆਪੋ-ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਸ ਸਮਾਰੋਹ ਵਿੱਚ ਹਾਜ਼ਰ ਹੋਣਗੇ। ਚਰਚੇ ਹਨ ਕਿ ਰਾਵਤ ਖੁਦ ਮੁੱਖ ਮੰਤਰੀ ਨੂੰ ਸਮਾਰੋਹ ਵਿਚ ਲਿਆ ਸਕਦੇ ਹਨ। ਸੂਤਰਾਂ ਅਨੁੁਸਾਰ ਤਾਜਪੋਸ਼ੀ ਸਮਾਗਮਾਂ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਆਖ ਚੁੱਕੇ ਹਨ ਕਿ ਜਿੰਨਾ ਚਿਰ ਨਵਜੋਤ ਸਿੱਧੂ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਜਨਤਕ ਤੌਰ ’ਤੇ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਹ ਨਵਜੋਤ ਸਿੱਧੂ ਨੂੰ ਨਹੀਂ ਮਿਲਣਗੇ। ਇਸ ਵੇਲੇ ਹਰ ਪਾਸੇ ਇਹੀ ਚਰਚਾ ਹੈ ਕਿ ਮੁੱਖ ਮੰਤਰੀ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਵਿਚਾਲੇ ਸ਼ਾਂਤੀ ਵਾਰਤਾ ਕਰਾਉਣ ਲਈ ਕੁਝ ਸਿਆਸੀ ਹਲਕੇ ਸਰਗਰਮ ਹੋ ਗਏ ਹਨ ਪ੍ਰੰਤੂ ਨਵਜੋਤ ਸਿੱਧੂ ਵੱਲੋਂ ਸਿੱਧੇ ਤੌਰ ’ਤੇ ਕੋਈ ਪਹਿਲ ਨਹੀਂ ਕੀਤੀ ਗਈ ਹੈ। ਸਿਆਸੀ ਹਲਕਿਆਂ ਦੇ ਅੰਦਾਜ਼ੇ ਅਨੁਸਾਰ ਮੁੱਖ ਮੰਤਰੀ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਟਾਲਾ ਵੱਟ ਸਕਦੇ ਹਨ ਅਤੇ ਮੁਆਫੀ ਵਾਲੀ ਸ਼ਰਤ ਮੁੜ ਰੱਖ ਸਕਦੇ ਹਨ।

ਰਾਜ ਭਵਨ ਵੱਲ ਮਾਰਚ ਅੱਜ: ਪੰਜਾਬ ਕਾਂਗਰਸ

ਭਲਕੇ ਵੀਰਵਾਰ ਨੂੰ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਵਿਚ ਰਾਜ ਭਵਨ ਵੱਲ ਮਾਰਚ ਕਰੇਗੀ। ਪਾਰਟੀ ਹਾਈਕਮਾਨ ਦੇ ਸੱਦੇ ’ਤੇ ਜਾਸੂਸੀ ਮਾਮਲੇ ਨੂੰ ਲੈ ਕੇ ਕਾਂਗਰਸੀ ਆਗੂ ਅਤੇ ਵਰਕਰ ਰੋਸ ਮਾਰਚ ਕਰਨਗੇ। ਬਤੌਰ ਪ੍ਰਧਾਨ, ਨਵਜੋਤ ਸਿੱਧੂ ਲਈ ਇਹ ਪਹਿਲਾ ਰੋਸ ਮਾਰਚ ਹੋਵੇਗਾ ਜਿਸ ਦੀ ਉਹ ਅਗਵਾਈ ਕਰਨਗੇ। ਭਲਕੇ ਕਾਂਗਰਸ ਭਵਨ ਵਿੱਚ ਪਾਰਟੀ ਆਗੂ ਅਤੇ ਵਰਕਰ ਸੱਦੇ ਗਏ ਹਨ।

ਸਾਨੂੰ ਸਿੱਧੂ ਨੇ ਬਚਾਅ ਲਿਆ: ਬਰਾੜ

ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਨੇ ਅੱਜ ਵਿਧਾਇਕਾਂ ਦੀ ਮੀਟਿੰਗਾਂ ਵਿਚ ਇਹ ਗੱਲ ਆਖੀ, ‘‘‘ਹੁਣ ਸਿੱਧੂ ਆ ਗਿਆ, ਸਾਨੂੰ ਬਚਾਅ ਲਿਆ। ਬਾਬੇ ਨਾਨਕ ਨੇ ਸਾਡੀ ਸੁਣ ਲਈ, ਅਸੀਂ ਤਾਂ ਮਰੇ ਪਏ ਸੀ। ਜਦੋਂ ਹਲਕੇ ਵਿਚ ਜਾਵਾਂਗੇ ਤੇ ਸਿੱਧੂ ਐਕਸ਼ਨ ਕਰੇਗਾ ਤਾਂ ਲੋਕ ਕਹਿਣਗੇ ਕਿ ਸਿੱਧੂ ਆ ਗਿਆ, ਸਿੱਧੂ ਆ ਗਿਆ।’’ ਨਵਜੋਤ ਸਿੱਧੂ ਦੀ ਰਿਹਾਇਸ਼ ਵਿਖੇ ਹੋਈ ਮੀਟਿੰਗ ’ਚ ਸਾਰੇ ਵਿਧਾਇਕਾਂ ਨੇ ਬਰਾੜ ਦੀ ਇਸ ਗੱਲ ’ਤੇ ਜੈਕਾਰੇ ਛੱਡ ਦਿੱਤੇ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ।

ਮੁੱਖ ਮੰਤਰੀ ਹੁਣ ਹੱਠ ਤਿਆਗਣ: ਰੰਧਾਵਾ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਤਿੱਖੀ ਸੁਰ ਵਿਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਹੱਠ ਛੱਡ ਦੇਣੀ ਚਾਹੀਦੀ ਹੈ ਅਤੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ, ਪ੍ਰਤਾਪ ਸਿੰਘ ਬਾਜਵਾ ਦੀਆਂ ਚਿੱਠੀਆਂ ਭੁੱਲ ਸਕਦੇ ਹਨ ਅਤੇ ਸੁਖਪਾਲ ਖਹਿਰਾ ਦੀਆਂ ਟਿੱਪਣੀਆਂ ਭੁੱਲ ਸਕਦੇ ਹਨ ਤਾਂ ਨਵਜੋਤ ਸਿੱਧੂ ਨੂੰ ਵੀ ਮੁਆਫ ਕਰ ਦੇਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All