ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਕਤੂਬਰ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਕੇਂਦਰ ਸਰਕਾਰ ਨੂੰ ਲਾਹਣਤਾਂ ਪਾਈਆਂ ਅਤੇ ਪੰਜਾਬ ਸਰਕਾਰ ਨੂੰ ਵੀ ਟੇਢੇ ਢੰਗ ਨਾਲ ਨਿਸ਼ਾਨੇ ’ਤੇ ਰੱਖਿਆ। ਬੱਧਨੀ ਕਲਾਂ ‘ਖੇਤੀ ਬਚਾਓ ਯਾਤਰਾ’ ਵਿੱਚ ਸ਼ਾਮਲ ਹੋਣ ਦੇ ਕੁਝ ਦਿਨ ਮਗਰੋਂ ਅੱਜ ਨਵਜੋਤ ਸਿੰਘ ਸਿੱਧੂ ਨੇ ਵੀਡੀਓ ਜਾਰੀ ਕਰਕੇ ਪੰਜਾਬ ਦੀ ਕਿਸਾਨੀ ਦੇ ਮੌਜੂਦਾ ਹਾਲਾਤਾਂ ਤੇ ਇਨ੍ਹਾਂ ਪ੍ਰਸਥਿਤੀਆਂ ਲਈ ਜ਼ਿੰਮੇਵਾਰ ਕਾਰਨਾਂ ਦੀ ਗੱਲ ਰੱਖੀ ਹੈ।
ਸਿੱਧੂ ਨੇ ਅੱਧੇ ਘੰਟੇ ਦੀ ਜਾਰੀ ਵੀਡੀਓ ’ਚ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਸੰਘੀ ਢਾਂਚੇ ’ਤੇ ਸਿੱਧਾ ਹੱਲਾ ਹਨ ਅਤੇ ਕਿਸਾਨੀ ਨੂੰ ਢਾਹ ਲਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਿਆਂ ਦੀ ਤਾਕਤ ਨੂੰ ਕਮਜ਼ੋਰ ਕੀਤਾ ਹੈ ਅਤੇ ਅੱਜ ਕੇਂਦਰੀਕਰਨ ਖ਼ਿਲਾਫ਼ ਵੀ ਲੜਾਈ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਨਾਲ ਦੇਸ਼ ਨੂੰ ਕਲਾਵੇ ਵਿੱਚ ਲਿਆ ਸੀ, ਉਵੇਂ ਅੰਬਾਨੀ-ਅਡਾਨੀ ਅੱਗੇ ਦੇਸ਼ ਦੇ ਕਿਸਾਨ ਕਠਪੁਤਲੀ ਬਣ ਕੇ ਰਹਿ ਜਾਣਗੇ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਲੜਾਈ ਵਿੱਚ ਮੋਢਾ ਜੋੜ ਕੇ ਕੇਂਦਰ ਦੀ ਸੰਘੀ ਢਾਂਚੇ ਖ਼ਿਲਾਫ਼ ਚੱਲੀ ਨੀਤੀ ਨੂੰ ਬੇਅਸਰ ਕਰ ਸਕਦੀ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਦੀ ਸਿਫ਼ਤ ਕੀਤੀ, ਜਿਨ੍ਹਾਂ ਨੇ ਦੇਸ਼ ਦਾ ਢਿੱਡ ਭਰਿਆ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਸ਼ੁਰੂਆਤ ਹੋਈ ਹੈ ਅਤੇ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਸਬਜ਼ੀਆਂ, ਦਾਲਾਂ ਅਤੇ ਫਲਾਂ ’ਤੇ ਐੱਮਐੱਸਪੀ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਿਣਸਾਂ ਦੀ ਸਰਕਾਰੀ ਖਰੀਦ ਤੋਂ ਭੱਜਦੀ ਹੈ ਤਾਂ ਪੰਜਾਬ ਸਰਕਾਰ ਜਿਣਸਾਂ ਦੀ ਸਰਕਾਰੀ ਖਰੀਦ ਕਰੇ।
ਸਿੱਧੂ ਨੇ ਕਿਹਾ ਕਿ ਫ਼ਸਲਾਂ ਦੇ ਸਰਕਾਰੀ ਭਾਅ ਘੱਟੋ-ਘੱਟ ਇੱਕ ਹੋਰ ਸਾਲ ਮਿਲਣਗੇ ਅਤੇ ਵੱਧ ਤੋਂ ਵੱਧ ਦੋ ਤਿੰਨ ਸਾਲ ਸਰਕਾਰੀ ਭਾਅ ’ਤੇ ਜਿਣਸਾਂ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੇ ਅਨਾਜ ਦੀ ਪੈਦਾਵਾਰ ਲਈ ਆਪਣੀ ਧਰਤੀ ਤੇ ਪਾਣੀ ਨੂੰ ਖਰਾਬ ਕੀਤਾ ਹੈ। ਕਿਸਾਨਾਂ ਨੇ ਆਪਣੀ ਜ਼ਮੀਨ ਬੰਜਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਕਿਸਾਨ ਨੂੰ ਭਟਕਣ ਦੇ ਰਾਹ ’ਤੇ ਪਾਇਆ ਹੈ, ਜਿਸ ਵਜੋਂ ਕਿਸਾਨ ਸਿਰ ਕਰਜ਼ੇ ਦੀ ਪੰਡ ਚੜ੍ਹੀ ਹੈ। ਪੰਜਾਬ ਦੇ ਕਿਸਾਨ 25 ਵਰ੍ਹਿਆਂ ਤੋਂ ਖੁਦਕੁਸ਼ੀ ਦੇ ਰਾਹ ਪਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਕੇਂਦਰ ਨੇ ਵਰਤਿਆ ਅਤੇ ਹੁਣ ਕਾਰਪੋਰੇਟ ਵਰਤਣਗੇ। ਹੁਣ ਦਿਖਾਵੇ ਕਰਨ ਦੀ ਥਾਂ ਅਸਲ ਤੌਰ ’ਤੇ ਕਿਸਾਨੀ ਦੀ ਬਾਂਹ ਫੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਹੋਂਦ ਦਾ ਅੰਦੋਲਨ ਦਾ ਹੈ। ਊਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲ ਫੰਡਾਂ ਦੀ ਘਾਟ ਹੈ ਤਾਂ ਮਾਫੀਆ ਦੀ ਲੁੱਟ ਬੰਦ ਕਰ ਦੇਣੀ ਚਾਹੀਦੀ ਹੈ, ਖ਼ਜ਼ਾਨਾ ਭਰ ਜਾਵੇਗਾ।
ਸੈਸ਼ਨ ਦਾ ਪਹਿਲਾ ਦਿਨ ਪੈਸੇ ਦੀ ਬਰਬਾਦੀ: ਢੀਂਡਸਾ
ਸੰਗਰੂਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੈਸ਼ਨ ਦੇ ਪਹਿਲੇ ਦਿਨ ਨੂੰ ਪੈਸੇ ਦੀ ਬਰਬਾਦੀ ਦਾ ਦਿਨ ਦੱਸਦਿਆਂ ਕਿਹਾ ਕਿ ਕੈਪਟਨ ਸਰਕਾਰ ਦੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਬਾਰੇ ਭਾਵਨਾ ਸੁਹਿਰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਬਾਰੇ ਵਿਰੋਧੀ ਧਿਰ ਨੂੰ ਵਿਚਾਰ ਕਰਨ ਲਈ ਅਗਾਊਂ ਜਾਣਕਾਰੀ ਨਾ ਦੇਣਾ ਸਰਕਾਰ ਦੀ ਭਾਵਨਾ ਪ੍ਰਤੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦੀ ਹੈ। ਢੀਂਡਸਾ ਨੇ ਅੱਜ ਇਥੇ ਇਕ ਬਿਆਨ ਰਾਹੀਂ ਕਿਹਾ ਕਿ ਸਰਕਾਰ ਨੇ ਕਈ ਮਤੇ ਤਾਂ ਪਾਸ ਕਰਵਾ ਲਏ ਪਰ ਕਿਸਾਨਾਂ ਦੇ ਭਵਿੱਖ ਨਾਲ ਜੁੜੇ ਮੁੱਦੇ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ। ਹਾਲਾਂਕਿ ਸਰਕਾਰ ਨੇ ਇਸ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਪੰਜਾਬ ਅੰਦਰ ਬੇਅਸਰ ਕਰਨ ਦੇ ਮੰਤਵ ਲਈ ਹੀ ਅਸੈਂਬਲੀ ਸੈਸ਼ਨ ਸੱਦਿਆ ਹੈ। ਊਨ੍ਹਾਂ ਕਿਹਾ ਕਿ ਕਿਸਾਨਾਂ ਦਾ ਭਵਿੱਖ ਸੁਰੱਖਿਅਤ ਤੇ ਪ੍ਰਫੁੱਲਤ ਕਰਨ ਲਈ ਠੋਸ ਫ਼ੈਸਲਾ ਲੈਣਾ ਚਾਹੀਦਾ ਹੈ।