ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ; ਅਕਾਲੀ ਵਰਕਰ ‘ਟੀਟੂ’ ਜ਼ਖ਼ਮੀ
ਫ਼ਰੀਦਕੋਟ ਪੁਲੀਸ ਦੀ ਛਾਪੇਮਾਰੀ ਦੌਰਾਨ ਵਾਪਰੀ ਘਟਨਾ
ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਵਰਕਰ ਨਿਰਮਲ ਸਿੰਘ ਉਰਫ਼ ਟੀਟੂ, ਜੋ ਚੋਣ ਰੈਲੀਆਂ ਦੌਰਾਨ ਆਪਣੀ ਵਿਸ਼ੇਸ਼ ‘ਪੀਲੀ ਜਿਪਸੀ’ ਕਾਰਨ ਜਾਣੇ ਜਾਂਦੇ ਹਨ, ਅੱਜ ਇੱਥੋਂ ਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਗੁਆਂਢੀ ਜ਼ਿਲ੍ਹੇ ਫ਼ਰੀਦਕੋਟ ਨਾਲ ਸਬੰਧਤ ਇੱਕ ਪੁਰਾਣੇ ਜ਼ਮੀਨੀ ਵਿਵਾਦ ਦਾ ਨਤੀਜਾ ਦੱਸੀ ਜਾ ਰਹੀ ਹੈ। ਟੀਟੂ ਇਸ ਵੇਲੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮੁੱਢਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਕੋਟਕਪੂਰਾ ਸ਼ਹਿਰੀ ਥਾਣੇ ਵਿੱਚ ਟੀਟੂ ਵਿਰੁੱਧ ਇੱਕ ਔਰਤ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਹੈ।
ਪੁਲੀਸ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਪ੍ਰਕਿਰਿਆ ਤਹਿਤ ਉੱਥੇ ਪਹੁੰਚੀ ਸੀ। ਦੂਜੇ ਪਾਸੇ ਟੀਟੂ ਦੇ ਪੁੱਤਰ ਨੇ ਅਗਵਾ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਔਰਤ ਉਨ੍ਹਾਂ ਦੀ ਦਾਦੀ ਦੀ ਭੈਣ ਹੈ ਅਤੇ ਰਿਸ਼ਤੇਦਾਰਾਂ ਨੇ ਖ਼ੁਦ ਹੀ ਉਸ ਨੂੰ ਉਨ੍ਹਾਂ ਦੇ ਘਰ ਭੇਜਿਆ ਸੀ। ਜ਼ਖ਼ਮੀ ਦੇ ਪੁੱਤਰ ਨੇ ਦੱਸਿਆ ਕਿ ਜਦੋਂ ਉਸ ਦਾ ਪਿਤਾ ਟਰੈਕਟਰ ’ਤੇ ਖੇਤਾਂ ਵਿੱਚੋਂ ਘਰ ਪਰਤ ਰਿਹਾ ਸੀ, ਤਾਂ ਪੁਲੀਸ ਅਤੇ ਕੁਝ ਸਿਵਲ ਕੱਪੜਿਆਂ ਵਿੱਚ ਆਏ ਬੰਦਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ।
ਇੱਕ ਗੋਲੀ ਟੀਟੂ ਦੇ ਪੇਟ ਵਿੱਚ ਲੱਗੀ। ਪਰਿਵਾਰ ਨੇ ਇਸ ਘਟਨਾ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ’ਤੇ ਵੀ ਨਿਸ਼ਾਨਾ ਸਾਧਿਆ ਹੈ ਅਤੇ ਦੋਸ਼ ਲਾਇਆ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡੀ.ਐੱਸ.ਪੀ. (ਦਿਹਾਤੀ) ਹਰਵਿੰਦਰ ਸਿੰਘ ਸਰਾ ਨੇ ਪੁਸ਼ਟੀ ਕੀਤੀ ਕਿ ਫ਼ਰੀਦਕੋਟ ਪੁਲੀਸ ਦੀ ਟੀਮ ਪਿੰਡ ਪਹੁੰਚੀ ਸੀ ਅਤੇ ਇਸ ਦੌਰਾਨ ਹੋਈ ਝੜਪ ਵਿੱਚ ਨਿਰਮਲ ਸਿੰਘ ਜ਼ਖ਼ਮੀ ਹੋਇਆ ਹੈ। ਐੱਸ.ਪੀ. (ਇਨਵੈਸਟੀਗੇਸ਼ਨ) ਜਸਮੀਤ ਸਿੰਘ ਨੇ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਅਨੁਸਾਰ ਜ਼ਖ਼ਮੀ ਦੀ ਹਾਲਤ ਇਸ ਵੇਲੇ ਸਥਿਰ ਬਣੀ ਹੋਈ ਹੈ। ਪਿੰਡ ਦੇ ਸਾਬਕਾ ਸਰਪੰਚ ਅਨੁਸਾਰ ਕਾਰਵਾਈ ਦੌਰਾਨ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਨੇ ਟੀਟੂ ਦੀ ਰਿਹਾਇਸ਼ ਨੂੰ ਘੇਰਾ ਪਾਇਆ ਹੋਇਆ ਸੀ।

