DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Shiromani Committee ਵੱਲੋਂ ਪਾਵਨ ਸਰੂਪ ਵਿਦੇਸ਼ ਨਾ ਭੇਜਣ ਦਾ ਫ਼ੈਸਲਾ

ਸਿੱਖ ਜਥੇਬੰਦੀਆਂ ਨੇ ਕੰਟੇਨਰ ਰਾਹੀਂ ਪਾਵਨ ਬੀੜਾਂ ਕੈਨੇਡਾ ਭੇਜਣ ਦਾ ਕੀਤਾ ਸੀ ਵਿਰੋਧ

  • fb
  • twitter
  • whatsapp
  • whatsapp
featured-img featured-img
ਸਿੱਖ ਜਥੇਬੰਦੀ ਦੇ ਆਗੂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੱਤਰ ਸੌਂਪਦੇ ਹੋਏ।
Advertisement
ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਕੈਨੇਡਾ ਭੇਜਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਦੇ ਅਗਲੇ ਹੁਕਮ ਤੱਕ ਪਾਵਨ ਸਰੂਪ ਵਿਦੇਸ਼ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਅੱਜ ਕੈਨੇਡਾ ਦੇ ਵੈਨਕੁਵਰ ਅਤੇ ਲੋਅਰ ਮੇਨਲੈਂਡ ਦੀ ਸਿੱਖ ਸੰਗਤ ਵੱਲੋਂ ਭੇਜਿਆ ਗਿਆ ਸੁਝਾਅ ਪੱਤਰ ਅਕਾਲ ਤਖ਼ਤ ਦੇ ਸਕੱਤਰੇਤ ’ਚ ਸੌਂਪਿਆ ਗਿਆ। ਪੱਤਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਵਿਦੇਸ਼ ਭੇਜਣ ਸਬੰਧੀ ਆਪਣੇ ਸੁਝਾਅ ਭੇਜੇ ਗਏ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸੱਚਖੰਡ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਅਤੇ ਸਕੱਤਰੇਤ ਇੰਚਾਰਜ ਬਗੀਚਾ ਸਿੰਘ ਨੇ ਇਹ ਪੱਤਰ ਪ੍ਰਾਪਤ ਕੀਤਾ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਦੇ ਗੁਰਦੁਆਰਿਆਂ ਦੀ ਮੰਗ ’ਤੇ ਪਾਵਨ ਬੀੜਾਂ ਕੰਟੇਨਰ ਰਾਹੀਂ ਭੇਜੀਆਂ ਗਈਆਂ ਸਨ, ਜਿਸ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸਿੱਖ ਜਥੇਬੰਦੀਆਂ ਵੱਲੋਂ ਇਸ ਸਬੰਧ ਵਿੱਚ ਅਕਾਲ ਤਖ਼ਤ ’ਚ ਪੱਤਰ ਵੀ ਸੌਂਪਿਆ ਗਿਆ ਸੀ ਅਤੇ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ।

Advertisement

ਅੱਜ ਇੱਥੇ ਪੱਤਰ ਸੌਂਪਣ ਆਏ ਸਿੱਖਾਂ ਨੂੰ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਜੋ ਸਰੂਪ ਕੈਨੇਡਾ ਭੇਜੇ ਗਏ ਹਨ, ਉਹ ਅਕਾਲ ਤਖ਼ਤ ਸਾਹਿਬ ਤੋਂ 2009 ਵਿੱਚ ਬਣੇ ਵਿਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਮਤੇ ਅਨੁਸਾਰ ਉੱਥੋਂ ਦੀ ਸੰਗਤ ਦੀ ਮੰਗ ’ਤੇ ਭੇਜੇ ਗਏ ਹਨ, ਜਿਸ ਵਿੱਚ ਕੋਈ ਬੇਅਦਬੀ ਜਾਂ ਕੁਤਾਹੀ ਨਹੀਂ ਹੋਈ।

Advertisement

ਉਨ੍ਹਾਂ ਕਿਹਾ ਕਿ ਪਾਵਨ ਸਰੂਪ ਵਿਦੇਸ਼ ਵਿੱਚ ਭੇਜਣ ਸਬੰਧੀ ਮੌਜੂਦਾ ਵਿਧਾਨ ਬਾਰੇ ਸੰਗਤ ਦੇ ਕੁਝ ਸੁਝਾਅ ਪੁੱਜੇ ਹਨ ਅਤੇ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਇਸ ’ਤੇ ਵਿਚਾਰ ਕਰ ਕੇ ਅਗਲੇ ਦਿਸ਼ਾ-ਨਿਰਦੇਸ਼ ਦੇਣਗੇ ਤਾਂ ਉਸ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਫ਼ਿਲਹਾਲ ਪਾਵਨ ਬੀੜਾਂ ਵਿਦੇਸ਼ ਨਹੀਂ ਭੇਜੀਆਂ ਜਾ ਰਹੀਆਂ। ਇਸ ਦੌਰਾਨ ਸਕੱਤਰ ਨੇ ਉਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਜਿਨ੍ਹਾਂ ’ਚ ਕਿਹਾ ਗਿਆ ਕਿ ਇਹ ਸਰੂਪ ਕੰਟੇਨਰ ਅਤੇ ਖਸਤਾ ਹਾਲਤ ਬੱਸ ਰਾਹੀਂ ਭੇਜੇ ਗਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ ਅਤੇ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਵੀ ਹਾਜ਼ਰ ਸਨ।

ਪਾਵਨ ਸਰੂਪ ਮਾਮਲੇ ਦੇ ਸਬੰਧ ’ਚ ਅਕਾਲ ਤਖ਼ਤ ’ਤੇ ਅਰਦਾਸ

ਕੰਨਟੇਨਰ ਰਾਹੀਂ ਕੈਨੇਡਾ ਭੇਜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਮਾਮਲੇ ਦੇ ਸਬੰਧ ’ਚ ਅੱਜ ਗਿਆਨੀ ਤੇਜਬੀਰ ਸਿੰਘ ਖ਼ਾਲਸਾ ਅਤੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਸੰਗਤ ਸਮੇਤ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਤੇਜਬੀਰ ਸਿੰਘ ਖ਼ਾਲਸਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਦਿਨੀਂ ਪਾਵਨ ਸਰੂਪ ਕੈਨੇਡਾ ’ਚ ਇੱਕ ਖਸਤਾ ਹਾਲ ਬੱਸ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਕੈਨੇਡਾ ਭੇਜਣ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਇਸ ਦੇ ਸਬੰਧ ਵਿੱਚ ਉਨ੍ਹਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲੋਂ ਜਾਂਚ ਦੀ ਮੰਗ ਕੀਤੀ ਹੈ।

Advertisement
×