ਬੀਐੱਸ ਚਾਨਾ
ਕੀਰਤਪੁਰ ਸਾਹਿਬ, 14 ਜੁਲਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਹੁਣ ਲੰਬੀ ਛੁੱਟੀ ’ਤੇ ਚਲੇ ਗਏ ਹਨ। ਉਨ੍ਹਾਂ ਵੱਲੋਂ ਲਈ ਗਈ 31 ਦਸੰਬਰ ਤੱਕ ਦੀ ਛੁੱਟੀ ਦਾ ਅਸਲ ਕਾਰਨ ਅਜੇ ਤੱਕ ਭੇਤ ਬਣਿਆ ਹੋਇਆ ਹੈ ਪਰ ਹੁਣ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦਾ ਕੰਮ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪੀ ਏ ਦੀ ਸੇਵਾ ਨਿਭਾਅ ਰਹੇ ਸੀਨੀਅਰ ਅਧਿਕਾਰੀ ਮਹਿੰਦਰ ਸਿੰਘ ਆਹਲੀ ਨੂੰ ਸੌਂਪਿਆ ਗਿਆ ਹੈ। ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੁੱਖ ਸਕੱਤਰ ਡਾ. ਰੂਪ ਸਿੰਘ ਲੰਬੀ ਛੁੱਟੀ ’ਤੇ ਚਲੇ ਗਏ ਹਨ। ਉਨ੍ਹਾਂ ਦੀ ਥਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬਾ ਸਮਾਂ ਮੁੱਖ ਸਕੱਤਰ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਵੱਖ-ਵੱਖ ਹਲਕਿਆਂ ਤੋਂ ਚੋਣ ਲੜ ਚੁੱਕੇ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਲਗਾਉਣ ਦੀਆਂ ਕਿਆਸਅਰਾਈਆਂ ਤੋਂ ਇਨਕਾਰ ਕਰਦੇ ਹੋਏ ਭਾਈ ਲੌਂਗੋਵਾਲ ਨੇ ਕਿਹਾ ਕਿ ਹੁਣ ਮੁੱਖ ਸਕੱਤਰ ਦਾ ਕੰਮਕਾਜ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ ਮਹਿੰਦਰ ਸਿੰਘ ਆਹਲੀ ਵੇਖਣਗੇ।