ਬਡਰੁੱਖਾਂ ’ਚ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਮਨਾਇਆ
ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਦੀ ਵਿਰਾਸਤ ਸੰਭਾਲਣ ਤੇ ਜਨਮ ਦਿਹਾੜਾ ਸਰਕਾਰੀ ਤੌਰ ’ਤੇ ਮਨਾਉਣ ਦੀ ਮੰਗ
ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਪਿੰਡ ਬਡਰੁੱਖਾਂ ਵਿਖੇ ਗ੍ਰਾਮ ਪੰਚਾਇਤ, ਗੁਰਦੁਆਰਾ ਯਾਦਗਾਰ ਮਹਾਰਾਜਾ ਰਣਜੀਤ ਸਿੰਘ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਾਬੂ ਸਿੰਘ ਦੇ ਪ੍ਰਬੰਧਾਂ ਹੇਠ ਹੋਏ ਧਾਰਮਿਕ ਸਮਾਗਮ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ, ਐੱਸ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਮਨਬੀਰ ਸਿੰਘ ਚੈਰੀ ਅਨੇਕਾਂ ਆਗੂ ਸ਼ਾਮਲ ਹੋਏ।
ਗੁਰਦੁਆਰਾ ਸਾਹਿਬ ਯਾਦਗਾਰ ਮਹਾਰਾਜਾ ਰਣਜੀਤ ਸਿੰਘ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਜਿਥੇ ਰਾਗੀ ਜਥਿਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ, ਉਥੇ ਢਾਡੀ ਜਥਿਆਂ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਗੌਰਮਵਈ ਕਾਰਜਕਾਲ ਬਾਰੇ ਜਾਣੂ ਕਰਵਾਇਆ ਗਿਆ। ਪਿੰਡ ਦੇ ਸਰਪੰਚ ਰਣਦੀਪ ਸਿੰਘ ਮਿੰਟੂ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਕਿ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਹਰ ਸਾਲ ਸਰਕਾਰੀ ਤੌਰ ’ਤੇ ਰਾਜ ਪੱਧਰੀ ਸਮਾਗਮ ਕਰਵਾ ਕੇ ਮਨਾਇਆ ਜਾਵੇ ਅਤੇ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ। ਉਨ੍ਹਾਂ ਪਿੰਡ ਦੀਆਂ ਮੰਗਾਂ ਵੀ ਸ੍ਰੀ ਅਰੋੜਾ ਅੱਗੇ ਰੱਖੀਆਂ। ਸਮਾਗਮ ’ਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ, ਇਨਸਾਫ਼ਪਸੰਦ ਸੁਭਾਅ ਅਤੇ ਪ੍ਰਜਾ ਪ੍ਰਤੀ ਪ੍ਰੇਮ ਪ੍ਰੇਰਣਾ ਦਾ ਸਰੋਤ ਹਨ। ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਦੇ ਵਾਸੀ ਹੋਣ ਦੇ ਨਾਤੇ ਇਸ ਗੱਲ ਦਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਉਸ ਸ਼ਖ਼ਸੀਅਤ ਦੇ ਵਾਰਸ ਹਾਂ ਜਿਸ ਨੇ ਧਰਮ, ਨਿਆਂ ਤੇ ਮਨੁੱਖਤਾ ਦੇ ਅਸੂਲਾਂ ’ਤੇ ਆਧਾਰਿਤ ਰਾਜ ਕਾਇਮ ਕੀਤਾ ਸੀ। ਹੁਣ ਤੱਕ ਉਨ੍ਹਾਂ ਵਲੋਂ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਪਗ ਸੱਤ ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ ਅਤੇ ਅੱਗੇ ਹੋਰ ਵੀ ਪੰਚਾਇਤ ਦੀ ਮੰਗ ਅਨੁਸਾਰ ਗਰਾਂਟ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਦਾ ਉਹ ਮਹਾਨ ਯੋਧਾ ਸੀ ਜਿਸ ਦੇ ਸਿੱਖ ਰਾਜ ਦੇ ਕਾਰਜਕਾਲ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਐੱਸ ਪੀ ਦਵਿੰਦਰ ਅੱਤਰੀ, ਡੀ ਐੱਸ ਪੀ ਹਰਵਿੰਦਰ ਸਿੰਘ ਖਹਿਰਾ, ਪ੍ਰਬੰਧਕਾਂ ’ਚ ਡਾ.ਗਿਆਨ ਸਿੰਘ, ਚਰਨਪਾਲ ਸਿੰਘ, ਨਿੱਕਾ ਸਿੰਘ, ਕਾਲਾ ਸਿੰਘ, ਪੱਪੀ ਸਿੰਘ, ਮੇਜਰ ਸਿੰਘ ਤੋਂ ਇਲਾਵਾ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਸ਼ਾਮਲ ਸਨ।

