ਸੇਵਾ ਸਿੰਘ ਠੀਕਰੀਵਾਲਾ ਪੰਜਾਬ ਦੇ ਮਹਾਨ ਸ਼ਹੀਦਾਂ ਵਿੱਚ ਸ਼ੁਮਾਰ ਹੈ। ਉਹ ਅੰਗਰੇਜ਼ਾਂ ਅਤੇ ਰਿਆਸਤੀ ਰਾਜ ਵਿਰੁੱਧ ਸੰਘਰਸ਼ਾਂ ’ਚ ਮੋਹਰੀ ਰਹੇ। ਉਨ੍ਹਾਂ ਆਪਣੀ ਜ਼ਿੰਦਗੀ ਲੋਕਾਈ ਦੇ ਲੇਖੇ ਲਾਈ ਅਤੇ ਲੰਬਾ ਸਮਾਂ ਜੇਲ੍ਹਾਂ ਕੱਟੀਆਂ। ਉਹ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਰਜਾ ਮੰਡਲ ਲਹਿਰ ਦੇ ਬਾਨੀ ਆਗੂ ਸਨ ਅਤੇ ਗੁਰਦੁਆਰਾ ਸੁਧਾਰ ਲਹਿਰ ਦਾ ਹਿੱਸਾ ਰਹੇ। ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਹਰ ਸਾਲ ਉਨ੍ਹਾਂ ਦੇ ਜੱਦੀ ਪਿੰਡ ਵਿੱਚ 18, 19 ਅਤੇ 20 ਜਨਵਰੀ ਨੂੰ ਸਮਾਗਮ ਕਰਵਾਇਆ ਜਾਂਦਾ ਹੈ। ਐਤਕੀਂ ਉਨ੍ਹਾਂ ਦੀ 92ਵੀਂ ਬਰਸੀ ਹੈ। ਪਿੰਡ ਠੀਕਰੀਵਾਲਾ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਈ ਗਈ ਹੈ। ਠੀਕਰੀਵਾਲਾ-ਬਰਨਾਲਾ ਸੜਕ ਦਾ ਨਾਂ ਸ਼ਹੀਦ ਸੇਵਾ ਸਿੰਘ ਰੱਖਿਆ ਗਿਆ ਹੈ। ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 24 ਅਗਸਤ, 1882 ਨੂੰ ਪਟਿਆਲਾ ਰਿਆਸਤ ਦੇ ਪਿੰਡ ਠੀਕਰੀਵਾਲਾ ਵਿੱਚ ਪਿਤਾ ਦੇਵਾ ਸਿੰਘ ਅਤੇ ਮਾਤਾ ਹਰਿ ਕੌਰ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਪਟਿਆਲਾ ਰਿਆਸਤ ’ਚ ਅਹਿਲਕਾਰ ਸਨ ਜਿਸ ਕਾਰਨ ਉਨ੍ਹਾਂ ਦਾ ਬਚਪਨ ਪਟਿਆਲਾ ਵਿੱਚ ਬੀਤਿਆ।
ਪਿੰਡ ਠੀਕਰੀਵਾਲ ਦੇ ਸੇਵਾਮੁਕਤ ਅਧਿਆਪਕ ਅਤੇ ਲੇਖਕ ਸੁਰਜੀਤ ਸਿੰਘ ਦਿਹੜ ਦੱਸਦੇ ਹਨ ਕਿ 1905 ਵਿੱਚ ਪਲੇਗ ਫ਼ੈਲਣ ਕਾਰਨ ਸੇਵਾ ਸਿੰਘ ਠੀਕਰੀਵਾਲਾ ਨੂੰ ਅੱਠਵੀਂ ਦੀ ਪੜ੍ਹਾਈ ਉਪਰੰਤ ਜ਼ਿਲ੍ਹਾ ਬਰਨਾਲਾ ਦਾ ਪਲੇਗ ਅਫਸਰ ਨਿਯੁਕਤ ਕੀਤਾ ਗਿਆ। ਸੇਵਾ ਸਿੰਘ ਦੇ ਦੋ ਵਿਆਹ ਹੋਏ ਸਨ। ਪਹਿਲਾ ਵਿਆਹ 13 ਸਾਲ ਦੀ ਉਮਰ ਵਿੱਚ ਬੀਬੀ ਕਰਤਾਰ ਕੌਰ ਅਤੇ ਦੂਜਾ ਵਿਆਹ 25 ਸਾਲ ਦੀ ਉਮਰ ਵਿੱਚ ਬੀਬੀ ਭਗਵਾਨ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਤਿੰਨ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ ਪਰ ਉਨ੍ਹਾਂ ਦੇ ਤਿੰਨੇ ਪੁੱਤਰਾਂ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈ ਸੀ। ਸੇਵਾ ਸਿੰਘ 1911 ਵਿੱਚ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਆਏ। ਉਨ੍ਹਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਆਪਣਾ ਜੀਵਨ ਕੌਮ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਪਿੰਡ ਠੀਕਰੀਵਾਲਾ ਵਿੱਚ ਗੁਰਦਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਜੋ ਅੱਜ ਵੀ ਸੁਸ਼ੋਭਿਤ ਹੈ। ਬਾਅਦ ਵਿੱਚ ਇਹ ਗੁਰਦੁਆਰਾ ਅਕਾਲੀ ਅਤੇ ਪਰਜਾ ਮੰਡਲ ਲਹਿਰਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣਿਆ।
ਜੇਲ੍ਹ ’ਚ ਪਰਜਾ ਮੰਡਲ ਲਹਿਰ ਦੇ ਪ੍ਰਧਾਨ ਚੁਣੇ
ਸੁਰਜੀਤ ਸਿੰਘ ਦਿਹੜ ਅਨੁਸਾਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਿਆਸਤਾਂ ਦੀ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕੀਤੀ। 1928 ਵਿੱਚ ਰਿਆਸਤਾਂ ਵਿਰੁੱਧ ਪਰਜਾ ਮੰਡਲ ਲਹਿਰ ਦੀ ਸਥਾਪਨਾ ਹੋਈ। ਉਦੋਂ ਸੇਵਾ ਸਿੰਘ ਨੂੰ ਪਟਿਆਲਾ ਰਿਆਸਤ ਨੇ ਮਾਨਸਾ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਸੀ। ਉਨ੍ਹਾਂ ਨੂੰ ਜੇਲ੍ਹ ’ਚ ਹੁੰਦਿਆਂ ਪਰਜਾ ਮੰਡਲ ਲਹਿਰ ਦਾ ਬਾਨੀ ਪ੍ਰਧਾਨ ਚੁਣਿਆ ਗਿਆ।
ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਿੰਘ ਸਭਾ ਲਹਿਰ ’ਚ ਸਰਗਰਮ ਰਹੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ’ਤੇ ਸੇਵਾ ਸਿੰਘ ਠੀਕਰੀਵਾਲਾ ਨੂੰ ਬਾਨੀ ਐਗਜ਼ੈਕਟਿਵ ਕਮੇਟੀ ਮੈਂਬਰ ਚੁਣਿਆ ਗਿਆ। ਬਾਅਦ ਵਿੱਚ ਉਹ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਬਣੇ। 1925 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਾਨੀ ਮੀਤ ਪ੍ਰਧਾਨ ਚੁਣੇ ਗਏ। ਉਹ ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਪਹਿਲੇ ਪ੍ਰਧਾਨ ਸਨ। ਗੁਰਦੁਆਰਾ ਸੁਧਾਰ ਲਹਿਰ ਵਜੋਂ ਸ਼ੁਰੂ ਹੋਈ ਸਿੰਘ ਸਭਾ ਲਹਿਰ ਵਿੱਚ ਵੀ ਉਨ੍ਹਾਂ ਸਰਗਰਮ ਭੂਮਿਕਾ ਨਿਭਾਈ। ਉਹ 1921 ਦੀ ਨਨਕਾਣਾ ਸਾਹਿਬ ਦੇ ਸਾਕੇ ਅਤੇ ਜੈਤੋ ਦੇ ਮੋਰਚੇ ਦੀ ਅਗਵਾਈ ਕਰਦੇ ਰਹੇ ਅਤੇ ਜੇਲ੍ਹ ਵੀ ਕੱਟੀ।
ਲੇਖਕ ਦਲਜੀਤ ਰਾਏ ਕਾਲੀਆ ਅਨੁਸਾਰ ਰਿਆਸਤੀ ਪਰਜਾ ਮੰਡਲ ਵੱਲੋਂ ਰਜਵਾੜਾ ਸ਼ਾਹੀ ਖ਼ਿਲਾਫ਼ ਘੋਲ ਸ਼ੁਰੂ ਕੀਤਾ ਗਿਆ। ਦਸੰਬਰ 1929 ਵਿੱਚ ਲਾਹੌਰ ਦੇ ਬ੍ਰੈਡਲਾ ਹਾਲ ਵਿੱਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਪਹਿਲੀ ਕਾਨਫਰੰਸ ਹੋਈ। 12 ਅਕਤੂਬਰ 1930 ਨੂੰ ਰਿਆਸਤੀ ਪਰਜਾ ਮੰਡਲ ਦੀ ਲੁਧਿਆਣਾ ’ਚ ਹੋਈ ਦੂਸਰੀ ਕਾਨਫਰੰਸ ਵਿੱਚ ਸਵਾਗਤੀ ਭਾਸ਼ਣ ਦੌਰਾਨ ਸੇਵਾ ਸਿੰਘ ਠੀਕਰੀਵਾਲਾ ਨੇ ਮਹਾਰਾਜਾ ਪਟਿਆਲਾ ਦੀਆਂ ਆਪਹੁਦਰੀਆਂ ਅਤੇ ਲੋਕਾਂ ਦੀਆਂ ਦੁੱਖਾਂ-ਤਕਲੀਫਾਂ ਦਾ ਜ਼ਿਕਰ ਕੀਤਾ। ਲੁਧਿਆਣਾ ਕਾਨਫਰੰਸ ਤੋਂ ਪਰਤਦਿਆਂ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
20 ਨਵੰਬਰ 1930 ਨੂੰ ਬਰਨਾਲਾ ਦੇ ਮੈਜਿਸਟਰੇਟ ਦੀ ਅਦਾਲਤ ਵਿੱਚ ਕੇਸ ਚੱਲਿਆ। ਇਸ ਕੇਸ ਵਿੱਚ ਠੀਕਰੀਵਾਲਾ ਨੂੰ 10 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਪਰਜਾ ਮੰਡਲ ਵੱਲੋਂ ਹਾਈ ਕੋਰਟ ਵਿੱਚ ਅਪੀਲ ਕਰਨ ’ਤੇ ਉਨ੍ਹਾਂ ਦੀ ਸਜ਼ਾ ਪੰਜ ਸਾਲ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਰਹਿ ਗਈ। ਪਟਿਆਲਾ ਰਿਆਸਤ ਦੀਆਂ ਆਪਹੁਦਰੀਆਂ ਵਿਰੁੱਧ ਪਰਜਾ ਮੰਡਲ ਵੱਲੋਂ ਵਾਇਸਰਾਏ ਨੂੰ ਯਾਦ ਪੱਤਰ ਦਿੱਤਾ ਗਿਆ, ਜਿਸ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੇ ਜਬਰ-ਜ਼ੁਲਮ ਦਾ ਪਰਦਾਫਾਸ਼ ਕੀਤਾ ਗਿਆ। ਜਦੋਂ 1931 ਵਿੱਚ ਮਹਾਰਾਜਾ ਨੇ ਲੰਡਨ ਵਿੱਚ ਹੋਣ ਵਾਲੀ ਗੋਲਮੇਜ ਕਾਨਫਰੰਸ ’ਚ ਸ਼ਾਮਲ ਹੋਣ ਲਈ ਮੁੰਬਈ ਤੋਂ ਜਹਾਜ਼ ਚੜ੍ਹਨਾ ਸੀ ਤਾਂ ਪਰਜਾ ਮੰਡਲ ਦੇ ਵਰਕਰਾਂ ਨੇ ਕਾਲੀਆਂ ਝੰਡੀਆਂ ਲੈ ਕੇ ਮੁਜ਼ਾਹਰਾ ਕੀਤਾ। 1919 ਦੇ ਜੱਲ੍ਹਿਆਂਵਾਲੇ ਬਾਗ ਅਤੇ ਨਨਕਾਣਾ ਸਾਹਿਬ ਦੇ ਸਾਕਿਆਂ ਨਾਲ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਗਿਆ।
ਜੈਤੋ ਮੋਰਚੇ ਸਮੇਂ ਅਕਤੂਬਰ 1923 ਵਿੱਚ ਸੇਵਾ ਸਿੰਘ ਠੀਕਰੀਵਾਲਾ ਨੂੰ ਮੁਕਤਸਰ ਸਾਹਿਬ ਤੋਂ ਗ੍ਰਿਫ਼ਤਾਰ ਕਰਕੇ ਪਟਿਆਲੇ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਹੋਰ ਲੀਡਰਾਂ ਨਾਲ ਲਾਹੌਰ ਭੇਜ ਕੇ ਸ਼ਾਹੀ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 27 ਸਤੰਬਰ 1926 ਨੂੰ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਦਾ ਮੁਕੱਦਮਾ ਵਾਪਸ ਲੈ ਲਿਆ। ਇਸ ਸਮੇਂ ਹੋਰਨਾਂ ਅਕਾਲੀ ਆਗੂਆਂ ਨਾਲ ਸੇਵਾ ਸਿੰਘ ਦੀ ਰਿਹਾਈ ਵੀ ਹੋ ਗਈ ਪਰ ਜਿਉਂ ਹੀ ਸੇਵਾ ਸਿੰਘ ਰਿਹਾਅ ਹੋ ਕੇ ਕਿਲੇ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਤਿਆਰ ਖੜ੍ਹੀ ਪਟਿਆਲਾ ਰਿਆਸਤ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ।
ਗੜਵੀ ਚੋਰੀ ਦਾ ਝੂਠਾ ਹਾਸੋਹੀਣਾ ਕੇਸ
ਸੁਰਜੀਤ ਦਿਹੜ ਅਨੁਸਾਰ ਸੇਵਾ ਸਿੰਘ ਵਿਰੁੱਧ ਵਿਰੁੱਧ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ’ਚੋਂ ਗੜ੍ਹਵੀ ਚੋਰੀ ਕਰਨ ਦਾ ਝੂਠਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਗਿਆ। ਡੇਰੇ ਦੇ ਮਹੰਤ ਰਘਬੀਰ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸ ਦੀ ਕੋਈ ਗੜਵੀ ਚੋਰੀ ਨਹੀਂ ਹੋਈ। ਮੁਕੱਦਮਾ ਖਾਰਜ ਹੋ ਗਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਕਰਨ ਦੀ ਥਾਂ ਮਹਾਰਾਜਾ ਭੁਪਿੰਦਰ ਸਿੰਘ ਦੇ ਹੁਕਮਾਂ ਨਾਲ ਬਿਨਾਂ ਮੁਕੱਦਮਾ ਚਲਾਏ ਪਟਿਆਲੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।
ਲੇਖਕ ਦਲਜੀਤ ਰਾਏ ਕਾਲੀਆ ਅਨੁਸਾਰ ਗੜਵੀ ਚੋਰੀ ਦੇ ਕੇਸ ਉਪਰੰਤ ਉਨ੍ਹਾਂ ਦੀ ਨਜ਼ਰਬੰਦੀ ਵਿਰੁੱਧ ਸਾਰੇ ਪੰਜਾਬ ਵਿੱਚ ਰੋਹ ਜਾਗ ਪਿਆ। 1927 ਵਿੱਚ ਉਨ੍ਹਾਂ ਦੀ ਰਿਹਾਈ ਲਈ ਠੀਕਰੀਵਾਲਾ ਵਿੱਚ ਦੀਵਾਨ ਰੱਖਿਆ ਗਿਆ। ਇਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਅਤੇ ਸਕੱਤਰ ਗਿਆਨੀ ਗੁਰਮੁਖ ਸਿੰਘ ਮੁਸਾਫਰ ਉਚੇਚੇ ਤੌਰ ’ਤੇ ਸ਼ਾਮਲ ਹੋਏ। 24 ਫਰਵਰੀ 1929 ਨੂੰ ਅਕਾਲ ਤਖ਼ਤ ਵਿਖੇ ਸਰਬ ਪਾਰਟੀ ਸਿੱਖ ਕਾਨਫਰੰਸ ਬੁਲਾਈ ਗਈ। ਇਸ ਕਾਨਫਰੰਸ ਵਿੱਚ ਵੀ ਸੇਵਾ ਸਿੰਘ ਦੀ ਰਿਹਾਈ ਲਈ ਵਿਚਾਰਾਂ ਕੀਤੀਆਂ ਗਈਆਂ। 25 ਅਗਸਤ 1929 ਨੂੰ ਸੇਵਾ ਸਿੰਘ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਜਨਤਕ ਦਬਾਅ ਸਦਕਾ ਮਹਾਰਾਜਾ ਪਟਿਆਲਾ ਨੇ ਸੇਵਾ ਸਿੰਘ ਨੂੰ 45 ਸਾਥੀਆਂ ਸਮੇਤ 24 ਅਗਸਤ 1929 ਨੂੰ ਰਿਹਾਅ ਕਰ ਦਿੱਤਾ।
ਜੇਲ੍ਹ ਵਿਚ ਸ਼ਹੀਦ ਹੋਏ
ਨਵੰਬਰ 1931 ਵਿੱਚ ਰਿਆਸਤ ਜੀਂਦ ਦੇ ਹਾਕਮਾਂ ਦੀ ਧੱਕੇਸ਼ਾਹੀ ਵਿਰੁੱਧ ਅੰਦੋਲਨ ਸ਼ੁਰੂ ਹੋਇਆ। ਪੰਜ ਨਵੰਬਰ 1931 ਨੂੰ ਸੰਗਰੂਰ ਦੀ ਪੁਲੀਸ ਨੇ ਉਨ੍ਹਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਜਨਵਰੀ 1932 ਵਿੱਚ ਰਿਹਾਅ ਕੀਤਾ ਗਿਆ। 15 ਮਈ 1932 ਨੂੰ ਉਨ੍ਹਾਂ ਖੁਡਿਆਲਾ ਵਿੱਚ ਹੋਈ ਅਕਾਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 16 ਜੁਲਾਈ 1932 ਨੂੰ ਉਹ ਕੁਠਾਲੇ ਦੇ ਸ਼ਹੀਦਾਂ ਦੀ ਯਾਦ ’ਚ ਹੋ ਰਹੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਮਾਲੇਰਕੋਟਲਾ ਪੁਲੀਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਹ ਤਿੰਨ ਮਹੀਨੇ ਜੇਲ੍ਹ ਵਿੱਚ ਰਹੇ। ਅਪਰੈਲ 1933 ਵਿੱਚ ਪਰਜਾ ਮੰਡਲ ਦੀ ਦਿੱਲੀ ਵਿੱਚ ਹੋਈ ਚੌਥੀ ਕਾਨਫਰੰਸ ਸਮੇਂ ਸੇਵਾ ਸਿੰਘ ਮੁੜ ਪੰਜਾਬ ਰਿਆਸਤੀ ਪਰਜਾ ਮੰਡਲ ਦੇ ਪ੍ਰਧਾਨ ਚੁਣੇ ਗਏ। ਇਸ ਪਿੱਛੋਂ ਅੰਮ੍ਰਿਤਸਰ ਵਿੱਚ ਰਿਆਸਤੀ ਪਰਜਾ ਮੰਡਲ ਦਾ ਇਕੱਠ ਹੋਇਆ। 7 ਜੁਲਾਈ 1933 ਨੂੰ ਪੰਜਾਬ ਸਰਕਾਰ ਵੱਲੋਂ ਸੇਵਾ ਸਿੰਘ ਨੂੰ 24 ਘੰਟੇ ਦੇ ਅੰਦਰ-ਅੰਦਰ ਅੰਮ੍ਰਿਤਸਰ ਸ਼ਹਿਰ ਛੱਡਣ ਦਾ ਹੁਕਮ ਦੇ ਦਿੱਤਾ। 25 ਅਗਸਤ 1933 ਨੂੰ ਉਨ੍ਹਾਂ ਨੂੰ ਅੰਤਿਮ ਵਾਰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨੂੰ ਦਿੱਲੀ ਅਤੇ ਖੁਡਿਆਲਾ ਦੀਆਂ ਕਾਨਫਰੰਸਾਂ ਵਿਚ ਹਿੱਸਾ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ’ਤੇ ਮਹਾਰਾਜਾ ਪਟਿਆਲਾ ਵਿਰੁੱਧ ਪ੍ਰਚਾਰ ਕਰਨ ਦਾ ਦੋਸ਼ ਲਾ ਕੇ ਬਰਨਾਲੇ ਦੇ ਮੈਜਿਸਟਰੇਟ ਪ੍ਰੀਤਮ ਸਿੰਘ ਸਿੱਧੂ ਦੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ, ਜੋ ਕਈ ਮਹੀਨੇ ਚੱਲਦਾ ਰਿਹਾ।
ਸੇਵਾ ਸਿੰਘ ਦਾ ਅਦਾਲਤਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਸੀ। ਉਨ੍ਹਾਂ ਮੁਕੱਦਮੇ ਵਿੱਚ ਕੋਈ ਦਿਲਚਸਪੀ ਨਾ ਲਈ। 11 ਜਨਵਰੀ 1934 ਨੂੰ ਉਨ੍ਹਾਂ ਨੂੰ ਛੇ ਸਾਲ, ਛੇ ਮਹੀਨੇ ਕੈਦ ਦੀ ਸਜ਼ਾ ਅਤੇ 2000 ਜੁਰਮਾਨਾ ਕਰ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੀ ਜੇਲ੍ਹ ਬਦਲੀ ਕਰਕੇ ਬਰਨਾਲੇ ਤੋਂ ਸੈਂਟਰਲ ਜੇਲ੍ਹ ਪਟਿਆਲੇ ਭੇਜ ਦਿੱਤਾ। ਜੇਲ੍ਹ ’ਚ ਉਨ੍ਹਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ। ਰੋਸ ਵਜੋਂ ਉਨ੍ਹਾਂ 18 ਅਪਰੈਲ 1934 ਨੂੰ ਜੇਲ੍ਹ ਵਿੱਚ ਭੁੱਖ ਹੜਤਾਲ ਕਰ ਦਿੱਤੀ, ਜੋ ਉਨ੍ਹਾਂ ਦੀ ਸ਼ਹੀਦੀ ਤੱਕ ਨੌਂ ਮਹੀਨੇ ਚੱਲਦੀ ਰਹੀ। ਭੁੱਖ ਹੜਤਾਲ ਕਰਕੇ ਉਨ੍ਹਾਂ ਦਾ ਭਾਰ 145 ਪੌਂਡ ਤੋਂ ਘਟ ਕੇ 80 ਪੌਂਡ ਰਹਿ ਗਿਆ। ਉਹ 20 ਜਨਵਰੀ 1935 ਨੂੰ ਤੜਕਸਾਰ ਸ਼ਹੀਦੀ ਪ੍ਰਾਪਤ ਕਰ ਗਏ।

