ਸੜਕ ਉੱਪਰ ਤੇਲ ਡੁੱਲਣ ਮਗਰੋਂ ਕਈ ਦੁਪਹੀਆ ਵਾਹਨ ਤਿਲਕੇ
ਪੁਲੀਸ ਦੇ ਆਉਣ ਤੱਕ ਨੌਜਵਾਨਾਂ ਨੇ ਜਾਨ ਖਤਰੇ ਵਿਚ ਪਾ ਕੇ ਵਾਹਨ ਲੰਘਾਏ
ਇੱਥੋਂ ਦੇ ਸਟੇਟ ਹਾਈਵੇਅ 12 ਏ ਦੇ ਇਕ ਹਿੱਸੇ ਨਾਭਾ ਦੀ ਸਰਕੂਲਰ ਰੋਡ ਉੱਪਰ ਅੱਜ ਦੇਰ ਸ਼ਾਮ ਕਿਸੇ ਵਾਹਨ ਵਿਚੋਂ ਤੇਲ (ਲੁਬਰੀਕੈਂਟ) ਲੀਕ ਹੋ ਗਿਆ ਜਿਸ ਕਾਰਨ ਹਿੰਦੁਸਤਾਨ ਯੂਨੀਲੀਵਰ ਦੇ ਨਜ਼ਦੀਕ ਅੱਧਾ ਕਿਲੋਮੀਟਰ ਤੋਂ ਵੱਧ ਸੜਕ ਉੱਪਰ ਤਿਲਕਣ ਹੋ ਗਈ ਤੇ ਕਈ ਦੁਪਹੀਆ ਵਾਹਨ ਤਿਲਕ ਕੇ ਡਿੱਗ ਗਏ। ਪ੍ਰਸ਼ਾਸਨ ਦੇ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮੋਰਚਾ ਸਾਂਭਿਆ ਤੇ ਉਥੇ ਹਨੇਰੇ ਵਿੱਚ ਤੇਲ ਦੇ ਅੱਗੇ ਖੜ੍ਹੇ ਹੋ ਕੇ ਦੁਪਹੀਆ ਵਾਹਨਾਂ ਨੂੰ ਹੌਲੀ ਹੋਣ ਲਈ ਆਵਾਜ਼ਾਂ ਮਾਰਦੇ ਰਹੇ। ਹਨੇਰੇ ਵਿੱਚ ਆਪਣੀ ਸੁਰੱਖਿਆ ਲਈ ਉਨ੍ਹਾਂ ਕੋਲ ਸਿਰਫ ਮੋਬਾਈਲ ਦੀ ਟਾਰਚ ਸੀ ਜਿਸ ਨਾਲ ਉਹ ਤੇਜ਼ ਰਫ਼ਤਾਰ ਜਾ ਰਹੇ ਵਾਹਨਾਂ ਨੂੰ ਇਹ ਦੱਸ ਰਹੇ ਸਨ ਕਿ ਉਹ ਸੜਕ ਉੱਪਰ ਖੜੇ ਹਨ। ਲਗਭਗ ਇੱਕ ਘੰਟੇ ਬਾਅਦ ਪੁਲੀਸ ਦੇ ਪਹੁੰਚਣ ਮਗਰੋਂ ਹੀ ਉਹ ਚਲੇ ਗਏ।
ਇਸ ਮੌਕੇ ਕੌਂਸਲਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 112 ਨੰਬਰ 'ਤੇ ਫੋਨ 'ਤੇ ਜਵਾਬ ਮਿਲਿਆ ਕਿ ਤੇਲ ਡੁੱਲਣ 'ਤੇ ਉਹ ਕੀ ਕਰ ਸਕਦੇ ਹਨ। ਨਾਭਾ ਟ੍ਰੈਫਿਕ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰਾ ਸਟਾਫ ਸ਼ੰਭੂ ਤਾਇਨਾਤ ਸੀ ਜਿਸ ਕਾਰਨ ਹੁਣੇ ਉਥੇ ਕੋਈ ਨਹੀਂ ਪਹੁੰਚ ਸਕਦਾ। ਜਦੋਂ ਕੁਝ ਵਾਹਨ ਤਿਲਕੇ ਤਾਂ ਇਕੱਠੇ ਹੋਏ ਲੋਕਾਂ ਵਿੱਚੋਂ ਕੁਝ ਰਾਹਗੀਰ ਤੇ ਕੁਝ ਆਸ ਪਾਸ ਤੋਂ ਨੌਜਵਾਨ ਉਥੇ ਡਟ ਗਏ। ਸੁਨੀਲ, ਰਵੀ, ਹਰਪ੍ਰੀਤ ਹੋਰਾਂ ਨੇ ਸਲਾਹ ਕੀਤੀ ਕਿ ਸੜਕ ਦੀ ਬਰਮ ਤੋਂ ਰੇਤਾ ਚੁੱਕ ਕੇ ਤੇਲ ਉੱਪਰ ਪਾਇਆ ਜਾਵੇ ਤਾਂ ਤਿਲਕਣ ਘਟ ਜਾਵੇਗੀ। ਕੌਂਸਲਰ ਹਰਪ੍ਰੀਤ ਸਿੰਘ ਨੇ ਨੇੜੇ ਹੀ ਆਪਣੀ ਫੈਕਟਰੀ ਵਿਚੋਂ ਸੰਦ ਮੰਗਵਾਏ ਤੇ ਕਹੀ ਨਾਲ ਨੌਜਵਾਨਾਂ ਨੇ ਅੱਧਾ ਕਿਲੋਮੀਟਰ ਤੋਂ ਵੱਧ ਦੇ ਰਸਤੇ ਵਿੱਚ ਡੁੱਲੇ ਤੇਲ ਉੱਪਰ ਰੇਤਾ ਪਾਇਆ। ਮੌਕੇ 'ਤੇ ਪੁਲੀਸ ਦੇ ਪਹੁੰਚਣ ਮਗਰੋਂ ਹੀ ਇਹ ਨੌਜਵਾਨ ਉਥੋਂ ਗਏ।

