ਪੱਤਰ ਪ੍ਰੇਰਕ/ਟਨਸ
ਨਵੀਂ ਦਿੱਲੀ/ਅੰਮ੍ਰਿਤਸਰ, 2 ਜੂਨ
ਓਮਾਨ ਵਿੱਚ ਫਸੀਆਂ 7 ਔਰਤਾਂ ਅਤੇ ਇੱਕ ਲੜਕਾ ਅੱਜ ‘ਮਿਸ਼ਨ ਹੋਪ’ ਮੁਹਿੰਮ ਤਹਿਤ ਸੁਰੱਖਿਅਤ ਭਾਰਤ ਪਹੁੰਚ ਗਏ ਹਨ। ਇਸ ਬਾਰੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਦੱਸਿਆ ਕਿ ‘ਮਿਸ਼ਨ ਹੋਪ’ ਤਹਿਤ ਓਮਾਨ ਵਿੱਚ ਫਸੀਆਂ ਔਰਤਾਂ ਨੂੰ ਭਾਰਤ ਵਾਪਸ ਲਿਆਉਣ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਓਮਾਨ ਵਿੱਚ ਇੱਕ ਨਾਮੀ ਇਮੀਗ੍ਰੇਸ਼ਨ ਲਾਅ ਫਰਮ ਨਾਲ ਸੰਪਰਕ ਕਰਕੇ ਪੀੜਤਾਂ ਦੀ ਘਰ ਵਾਪਸੀ ਲਈ ਲੋੜੀਂਦੀ ਕਾਨੂੰਨੀ ਸਹਾਇਤਾ ਵੀ ਲਈ ਗਈ ਹੈ। ਇਹ ਫਰਮ ਉਕਤ ਪੀੜਤਾਂ ਦੇ ਸਪਾਂਸਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਲੋੜੀਂਦੇ ਦਸਤਾਵੇਜ਼ ਇਕੱਤਰ ਕਰਨ ਵਿੱਚ ਵੀ ਮਦਦ ਕਰ ਰਹੀ ਹੈ। ਸ੍ਰੀ ਸਾਹਨੀ ਨੇ ਦੱਸਿਆ ਕਿ ਅੱਜ ਭਾਰਤ ਪਰਤੀਆਂ ਔਰਤਾਂ ਪਿੰਡ ਇੰਦਾਣਾ ਕਲਸੀ (ਜਲੰਧਰ), ਸ਼ਾਹਕੋਟ (ਜਲੰਧਰ), ਅੱਪਰੇ (ਫਿਲੌਰ), ਗਾਲਬਿ ਕਲਾਂ (ਜਗਰਾਉਂ), ਪੱਟੀ (ਤਰਨ ਤਾਰਨ), ਕਮਾਲਪੁਰਾ (ਨਕੋਦਰ), ਅਕਲੀਆ (ਬਠਿੰਡਾ) ਦੀਆਂ ਵਸਨੀਕ ਹਨ, ਜੋ ਟਰੈਵਲ ਏਜੰਟਾਂ ਵੱਲੋਂ ਧੋਖੇ ਨਾਲ ਓਮਾਨ ਪਹੁੰਚਾਈਆਂ ਗਈਆਂ ਸਨ। ਇਸ ਦੇ ਨਾਲ ਹੀ ਜਲੰਧਰ ਦਾ ਇੱਕ ਲੜਕਾ ਵੀ ਦੇਸ਼ ਪਰਤਿਆ ਹੈ, ਜੋ ਪਿਛਲੇ ਮਹੀਨੇ ਆਪਣੇ ਸਪਾਂਸਰ ਕੋਲੋਂ ਭੱਜ ਕੇ ਮਸਕਟ ਦੇ ਇੱਕ ਗੁਰਦੁਆਰੇ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ। ਸ੍ਰੀ ਸਾਹਨੀ ਨੇ ਦੱਸਿਆ ਕਿ ਉਕਤ ਪੀੜਤ ਭਲਕੇ ਸਬੰਧਤ ਥਾਣਿਆਂ ‘ਚ ਆਪਣੇ ਨਾਲ ਹੋਈ ਠੱਗੀ ਸਬੰਧੀ ਸ਼ਿਕਾਇਤ ਦਰਜ ਕਰਵਾਉਣਗੇ। ਇਸ ਸਬੰਧੀ ਵਿਸ਼ਵ ਪੰਜਾਬੀ ਸੰਸਥਾ ਵੱਲੋਂ ਪੀੜਤਾਂ ਦੀਆਂ ਹਵਾਈ ਟਿਕਟਾਂ, ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਘਰਾਂ ਤੱਕ ਦੇ ਕਿਰਾਏ ਅਤੇ ਸਪਾਂਸਰਾਂ ਵੱਲੋਂ ਉਨ੍ਹਾਂ ‘ਤੇ ਲਗਾਏ ਗਏ ਨਾਜਾਇਜ਼ ਜੁਰਮਾਨੇ ਆਦਿ ਦਾ ਸਾਰਾ ਖਰਚਾ ਚੁੱਕਿਆ ਜਾ ਰਿਹਾ ਹੈ। ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਪੀੜਤ ਔਰਤਾਂ ਨੂੰ ਨੇੜਲੇ ਪੁਲੀਸ ਸਟੇਸ਼ਨਾਂ ਵਿਚ ਲਿਜਾਇਆ ਜਾਵੇਗਾ ਅਤੇ ਸਬੰਧਿਤ ਏਜੰਟਾਂ ਖ਼ਿਲਾਫ਼ ਐਫਆਈਆਰਜ਼ ਦਰਜ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਪਹਿਲਾ ਹੀ ਗੰਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਕੋਲ ਇਹ ਐਫਆਈਆਰਜ਼ ਰੱਖੀਆਂ ਜਾਣਗੀਆਂ।
ਓਮਾਨ ਤੋਂ ਪਰਤੀਆਂ ਔਰਤਾਂ ਨੇ ਸੁਣਾਈ ਵਿੱਥਿਆ
ਨਵੀਂ ਦਿੱਲੀ (ਟਨਸ): ਓਮਾਨ ਤੋਂ ਪਰਤੀ ਜਲੰਧਰ ਦੇ ਫਿਲੌਰ ਸ਼ਹਿਰ ਦੀ 43 ਸਾਲਾਂ ਔਰਤ ਨੇ ਦੱਸਿਆ ਕਿ ਉਸ ਨੂੰ ਓਮਾਨ ਵਿੱਚ ਛੇ ਦਨਿ ਸਿਰਫ ਪਾਣੀ ਨਾਲ ਗੁਜ਼ਾਰਾ ਕਰਨਾ ਪਿਆ। ਏਜੰਟ ਨੇ ਕਈ ਵਾਰ ਉਸ ਦੀ ਕੁੱਟਮਾਰ ਕੀਤੀ। ਇਹ ਓਮਾਨ ਤੋਂ ਪਰਤੀਆਂ ਉਨ੍ਹਾਂ ਔਰਤਾਂ ਵਿੱਚ ਸ਼ਾਮਲ ਹੈ ਜੋ ਚੰਗੇ ਭਵਿੱਖ ਲਈ ਕੰਮ ਦੀ ਤਲਾਸ਼ ਵਿੱਚ ਉੱਥੇ ਗਈਆਂ ਸਨ। ਦਿੱਲੀ ਹਵਾਈ ਅੱਡੇ ‘ਤੇ ਅੱਜ ਇਸ ਔਰਤ ਨੇ ਦੱਸਿਆ ਕਿ ਏਜੰਟ ਉਸ ਨੂੰ ਕਮਰੇ ਵਿੱਚ ਬੰਦ ਕਰ ਕੇ ਰੱਖਦਾ ਸੀ ਅਤੇ ਉਸ ਨਾਲ ਖਿੱਚ ਧੂਹ ਕਰਦਾ ਸੀ। ਉਸ ਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਉਸ ਨੇ ਛੇ ਦਨਿ ਸਿਰਫ ਪਾਣੀ ਪੀ ਕੇ ਗੁਜ਼ਾਰਾ ਕੀਤਾ । ਉਸ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਭਾਰਤ ਪਰਤ ਆਈ ਹੈ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਨਰਕ ਵਿੱਚੋਂ ਬਾਹਰ ਨਿਕਲ ਸਕੇਗੀ। ਉਸ ਨੇ ਦੱਸਿਆ ਕਿ ਏਜੰਟ ਨੇ ਉਸ ਕੋਲੋਂ 70 ਹਜ਼ਾਰ ਰੁਪਏ ਲੈ ਕੇ ਉਸ ਨੂੰ ਓਮਾਨ ਵਿੱਚ ਲੱਖਾਂ ਰੁਪਏ ਵਿੱਚ ਇਕ ਪਰਿਵਾਰ ਨੂੰ ਵੇਚ ਦਿੱਤਾ। ਇੰਜ ਹੀ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਨਾਲ ਸਬੰਧਿਤ ਔਰਤ, ਜੋ ਚਾਰ ਬੱਚਿਆਂ ਦੀ ਮਾਂ ਹੈ, ਨੇ ਦੱਸਿਆ ਕਿ ਉਸ ‘ਤੇ ਮਾਨਸਿਕ ਤਸ਼ੱਦਦ ਕੀਤਾ ਗਿਆ। ਉਸ ਕੋਲ ਕੋਈ ਆਸ ਬਾਕੀ ਨਹੀਂ ਬਚੀ ਸੀ ਕਿ ਉਹ ਕਦੇ ਭਾਰਤ ਮੁੜ ਸਕੇਗੀ।
ਉਸ ਨੇ ਦੱਸਿਆ ਕਿ ਉਸ ਨੂੰ ਕਈ ਕਈ ਦਨਿ ਕਮਰੇ ਵਿੱਚ ਕੈਦ ਰੱਖਿਆ ਜਾਂਦਾ ਸੀ ਅਤੇ ਮੋਬਾਈਲ ਫੋਨ ਵੀ ਖੋਹ ਲਿਆ ਗਿਆ। ਹੁਣ ਵਾਪਸ ਆ ਕੇ ਇੰਜ ਮਹਿਸੂਸ ਹੋ ਰਿਹਾ ਹੈ ਜਵਿੇਂ ਉਸ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੈ। ਉਸ ਨੇ ਦੱਸਿਆ ਕਿ ਉਸ ਨੂੰ ਦੁਬਈ ਵਿੱਚ ਸੈਲੂਨ ਵਿੱਚ ਨੌਕਰੀ ਦਿਵਾਉਨ ਦਾ ਝਾਂਸਾ ਦਿੱਤਾ ਗਿਆ ਸੀ। ਨਕੋਦਰ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਪੰਜਾਬ ਵਿੱਚ ਨੌਕਰੀਆਂ ਨਾ ਹੋਣ ਕਾਰਨ ਉਸ ਨੂੰ ਇਹ ਰਾਹ ਅਪਣਾਉਣਾ ਪਿਆ। ਉਹ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ ਅਤੇ ਉਸ ਦੇ ਮਾਪੇ ਬਿਮਾਰ ਹਨ। ਉਸ ਨੇ ਸੋਚਿਆ ਕਿ ਉਹ ਉੱਥੇ ਜਾ ਕੇ ਪੈਸੇ ਕਮਾ ਕੇ ਆਪਣੇ ਮਾਪਿਆਂ ਦਾ ਇਲਾਜ ਕਰਵਾਏਗੀ। ਉਸ ਨੇ ਕਿਹਾ ਕਿ ਏਜੰਟ ਨੇ ਉਸ ਨੂੰ ਅਰਬ ਮੁਲਕ ਵਿੱਚ ਆਸਾਨੀ ਨਾਲ ਪੈਸੇ ਬਣਾਉਣ ਦਾ ਝਾਂਸਾ ਦਿੱਤਾ ਸੀ। ਇਨ੍ਹਾਂ ਔਰਤਾਂ ਨਾਲ ਹੀ ਓਮਾਨ ਤੋਂ ਪਰਤੇ ਨੌਜਵਾਨ ਨੇ ਕਿਹਾ ਕਿ ਪੰਜਾਬ ਵਿੱਚ ਜ਼ਿਆਦਾਤਰ ਏਜੰਟ ਲਾਇਸੈਂਸ ਤੋਂ ਬਿਨਾ ਹੀ ਕੰਮ ਕਰ ਰਹੇ ਹਨ।