ਦਸ ਪਿਸਤੌਲਾਂ ਤੇ ਕਿਲੋ ਹੈਰੋਇਨ ਸਣੇ ਸੱਤ ਕਾਬੂ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਸੱਤ ਜਣਿਆਂ ਨੂੰ 10 ਗ਼ੈਰ-ਕਾਨੂੰਨੀ ਪਿਸਤੌਲਾਂ, ਇੱਕ ਕਿਲੋ ਹੈਰੋਇਨ ਅਤੇ ਇੱਕ ਡਰੋਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਦੋ ਵੱਡੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੁਲਦੀਪ...
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਸੱਤ ਜਣਿਆਂ ਨੂੰ 10 ਗ਼ੈਰ-ਕਾਨੂੰਨੀ ਪਿਸਤੌਲਾਂ, ਇੱਕ ਕਿਲੋ ਹੈਰੋਇਨ ਅਤੇ ਇੱਕ ਡਰੋਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਦੋ ਵੱਡੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਭੁੱਲਰ ਵਾਸੀ ਗੁਮਟਾਲਾ (ਅੰਮ੍ਰਿਤਸਰ), ਹੁਸਨਪ੍ਰੀਤ ਸਿੰਘ ਵਾਸੀ ਪਿੰਡ ਮਹਿਦੀਪੁਰ, ਅਹਿਮਦ ਰਾਜਾ ਵਾਸੀ ਅੰਮ੍ਰਿਤਸਰ, ਜਗਸੀਰ ਸਿੰਘ ਉਰਫ਼ ਬੌਬੀ ਵਾਸੀ ਤਰਨ ਤਾਰਨ, ਨਵਦੀਪ ਸਿੰਘ ਵਾਸੀ ਅਟਾਰੀ, ਅਨਮੋਲਦੀਪ ਸਿੰਘ ਵਾਸੀ ਰੋੜਾਂਵਾਲੀ ਅਤੇ ਮਨਜਿੰਦਰ ਸਿੰਘ ਉਰਫ਼ ਮੰਗਾ ਵਾਸੀ ਫਤਿਹਪੁਰ (ਅੰਮ੍ਰਿਤਸਰ) ਵਜੋਂ ਹੋਈ ਹੈ।
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ, ਜੋ ਕੌਮਾਂਤਰੀ ਸਰਹੱਦ ਪਾਰੋਂ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ ਵਿੱਚ ਸਹਾਇਤਾ ਕਰਦੇ ਸਨ। ਪੁਲੀਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਸ਼ੁਰੂ ਵਿੱਚ ਕੁਲਦੀਪ ਸਿੰਘ ਉਰਫ਼ ਭੁੱਲਰ ਅਤੇ ਹੁਸਨਪ੍ਰੀਤ ਸਿੰਘ ਨੂੰ ਦੋ ਪਿਸਤੌਲਾਂ ਅਤੇ ਦੋ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਮਗਰੋਂ ਮੁਲਜ਼ਮਾਂ ਨੇ ਗ਼ੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਨੈੱਟਵਰਕ ਵਿੱਚ ਸ਼ਾਮਲ ਆਪਣੇ ਸਾਥੀਆਂ ਬਾਰੇ ਖੁਲਾਸਾ ਕੀਤਾ।
ਮੁਲਜ਼ਮਾਂ ਦੇ ਖੁਲਾਸਿਆਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲੀਸ ਟੀਮਾਂ ਨੇ ਅਹਿਮਦ ਰਾਜਾ ਅਤੇ ਜਗਸੀਰ ਸਿੰਘ ਉਰਫ਼ ਬੌਬੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਹੋਰ ਗ਼ੈਰ-ਕਾਨੂੰਨੀ ਪਿਸਤੌਲ ਸਮੇਤ ਤਿੰਨ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਵਿਰੋਧੀ ਗਰੋਹ ਦੇ ਮੈਂਬਰ ਨੂੰ ਨਿਸ਼ਾਨਾ ਬਣਾਉਣ ਲਈ ਵਰਤੇ ਜਾਣੇ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਅਹਿਮਦ ਰਾਜਾ ਪਹਿਲਾਂ ਵੀ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਅਤੇ ਉਸ ਵਿਰੁੱਧ ਕਤਲ, ਅਸਲਾ ਐਕਟ ਅਤੇ ਚੋਰੀ ਨਾਲ ਸਬੰਧਤ ਕਈ ਮਾਮਲੇ ਦਰਜ ਹਨ। ਇੱਕ ਹੋਰ ਅਪਰੇਸ਼ਨ ਬਾਰੇ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸ਼ੁਰੂ ਵਿੱਚ ਮੁਲਜ਼ਮ ਨਵਦੀਪ ਸਿੰਘ ਅਤੇ ਅਨਮੋਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿਲੋ ਹੈਰੋਇਨ ਬਰਾਮਦ ਕੀਤੀ। ਅਗਲੇਰੀ ਜਾਂਚ ਵਿੱਚ ਪੁਲੀਸ ਨੇ ਤਿੰਨ ਆਧੁਨਿਕ ਪਿਸਤੌਲ ਅਤੇ ਸਰਹੱਦ ਪਾਰੋਂ ਖੇਪ ਭੇਜਣ ਲਈ ਵਰਤਿਆ ਜਾਣ ਵਾਲਾ ਡਰੋਨ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮੁਲਜ਼ਮ ਮਨਜਿੰਦਰ ਸਿੰਘ ਉਰਫ਼ ਮੰਗਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।

