DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਹਾਈ ਸਕੂਲਾਂ ਦੇ 29 ਮੁੱਖ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ

ਪਰਮਜੀਤ ਸਿੰਘ ਕੁਠਾਲਾ ਮਾਲੇਰਕੋਟਲਾ, 11 ਜੂਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਸਮੱਗਰ ਸ਼ਿਕਸ਼ਾ ਅਭਿਆਨ (ਐੱਸਐੱਸਏ) ਪੰਜਾਬ ਨੇ ਸਰਕਾਰੀ ਹਾਈ ਸਕੂਲਾਂ ਦੇ 29 ਮੁੱਖ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਐੱਸਐੱਸਏ ਪੰਜਾਬ ਦੇ ਸਟੇਟ ਪ੍ਰਾਜੈਕਟ ਡਾਇਰੈਕਟਰ ਨੇ...
  • fb
  • twitter
  • whatsapp
  • whatsapp
Advertisement

ਪਰਮਜੀਤ ਸਿੰਘ ਕੁਠਾਲਾ

ਮਾਲੇਰਕੋਟਲਾ, 11 ਜੂਨ

Advertisement

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਸਮੱਗਰ ਸ਼ਿਕਸ਼ਾ ਅਭਿਆਨ (ਐੱਸਐੱਸਏ) ਪੰਜਾਬ ਨੇ ਸਰਕਾਰੀ ਹਾਈ ਸਕੂਲਾਂ ਦੇ 29 ਮੁੱਖ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਐੱਸਐੱਸਏ ਪੰਜਾਬ ਦੇ ਸਟੇਟ ਪ੍ਰਾਜੈਕਟ ਡਾਇਰੈਕਟਰ ਨੇ 10 ਜੂਨ ਨੂੰ ਇਸ ਸਬੰਧੀ ਲਿਖਤੀ ਹੁਕਮ ਜਾਰੀ ਕਰਕੇ ਸਬੰਧਤ ਅਧਿਕਾਰੀਆਂ ਤੇ ਡੀਈਓਜ਼ ਨੂੰ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਜਿਨ੍ਹਾਂ ਮੁੱਖ ਅਧਿਆਪਕਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਅਮਨਦੀਪ ਕੌਰ ਧਾਰੀਵਾਲ ਕਲੇਰ, ਰਮਿੰਦਰਬੀਰ ਕੌਰ ਚੱਕ ਸਿਕੰਦਰ, ਰਾਜੀਵ ਕੁਮਾਰ ਨੰਗਲ, ਬਠਿੰਡਾ ਦੇ ਗੁਰਸ਼ਰਨ ਸਿੰਘ ਖਲਾਲਵਾਲਾ, ਜਗਸੀਰ ਧਵਨ ਕਰਾੜਵਾਲਾ, ਰੋਸ਼ਨੀ ਚਾਵਲਾ ਦਿੱਖ, ਹਰਮਿੰਦਰ ਸਿੰਘ ਭਾਈ ਬਖਤੌਰ, ਸ੍ਰੀ ਮੁਕਤਸਰ ਸਾਹਿਬ ਦੀ ਪੂਜਾ ਰਾਣੀ ਤੱਪਾਖੇੜਾ, ਫ਼ਤਹਿਗੜ੍ਹ ਸਾਹਿਬ ਦੀ ਰੁਪਿੰਦਰ ਕੌਰ ਭਰਪੂਰਗੜ੍ਹ, ਫਾਜ਼ਿਲਕਾ ਦੇ ਸੁਧੀਰ ਜੈਨ ਜੋਧਾ ਭੈਣੀ, ਫਿਰੋਜ਼ਪੁਰ ਦੇ ਅਮਿਤ ਕਟਾਰੀਆ ਰਾਓ ਕਾ ਹਿਠਾੜ, ਸ਼ੀਨਮ ਬਸਤੀ ਨਿਜ਼ਾਮਦੀਨ, ਗੁਰਦਾਸਪੁਰ ਦੇ ਅਮਰਜੀਤ ਕੌਰ ਸਾਰਸਪੁਰ, ਹੁਸ਼ਿਆਰਪੁਰ ਦੇ ਅਰਵਿੰਦ ਕੁਮਾਰ ਬੇਡਿੰਗ, ਮਨੋਹਰ ਲਾਲ ਭਾਣਾ ਤੇ ਰਾਮ ਭਜਨ ਸੈਕਟਰ-2 ਤਲਵਾੜਾ, ਕਪੂਰਥਲਾ ਦੇ ਗੁਰਵਿੰਦਰ ਕੌਰ ਜਲਾਲਪੁਰ ਜਵਾਲਾਪੁਰ, ਮਾਲੇਰਕੋਟਲਾ ਦੇ ਅਨਵਰ ਅਲੀ ਝੁਨੇਰ, ਮੁਹੰਮਦ ਸਬੀਰ ਹਿੰਮਤਾਣਾ, ਨਿਖਾਤ ਇਕਬਾਲ ਭੁੰਮਸੀ ਤੇ ਮੁਹੰਮਦ ਬਸ਼ੀਰ ਸਲਾਰ, ਸੰਗਰੂਰ ਜ਼ਿਲ੍ਹੇ ਦੇ ਮੁਹੰਮਦ ਫ਼ਜ਼ਲ ਮਾਹਮਦਪੁਰ, ਸੁਖਬੀਰ ਕੌਰ ਉਗਰਾਹਾਂ, ਭੁਪਾਲ ਸਿੰਘ ਚੰਨ ਛਾਜਲਾ, ਲੁਧਿਆਣਾ ਦੇ ਸੀਮਾ ਸ਼ਰਮਾ ਪਹੀੜ, ਪਠਾਨਕੋਟ ਦੇ ਰਾਹੁਲ ਗੁਪਤਾ ਕੁੱਲਾ ਤੇ ਰੇਨੂ ਸੈਣੀ ਸ਼ਾਹਪੁਰ ਕੰਡੀ, ਤਰਨ ਤਾਰਨ ਦੀ ਗੁਰਮੀਤ ਕੌਰ ਬਾਠਭੈਣੀ ਸ਼ਾਮਲ ਹਨ।

ਮੁੱਖ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਸਬੰਧੀ ਜਾਰੀ ਹੁਕਮਾਂ ਵਿੱਚ ਐੱਸਐੱਸਏ ਦੇ ਸਟੇਟ ਪ੍ਰਾਜੈਕਟ ਡਾਇਰੈਕਟਰ ਨੇ ਕਿਹਾ ਕਿ ਵੱਖ-ਵੱਖ ਪਟੀਸ਼ਨਾਂ ਸੁਪਰੀਮ ਕੋਰਟ ਵਿੱਚ ਪਾਈਆਂ ਹੋਈਆਂ ਸਨ ਪਰ ਸਿਖਰਲੀ ਅਦਾਲਤ ਵੱਲੋਂ ਇਨ੍ਹਾਂ 29 ਕਰਮਚਾਰੀਆਂ ਦੇ ਹੱਕ ਵਿੱਚ ਕੋਈ ਸਟੇਅ ਆਰਡਰ ਨਹੀਂ ਦਿੱਤਾ ਗਿਆ। ਇਸ ਲਈ ਇਨ੍ਹਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਖਤਮ ਕਰ ਦਿੱਤੀਆਂ ਗਈਆਂ ਹਨ।

264 ਮੁੱਖ ਅਧਿਆਪਕਾਂ ਦੀਆਂ 2013 ’ਚ ਕੀਤੀਆਂ ਸਨ ਭਰਤੀਆਂ

ਜਾਣਕਾਰੀ ਮੁਤਾਬਕ ਕੌਮੀ ਮਾਧਿਅਮਿਕ ਸਿੱਖਿਆ ਅਭਿਆਨ ਪੰਜਾਬ ਨੇ ਅਕਤੂਬਰ 2013 ਵਿੱਚ ਮੁੱਖ ਅਧਿਆਪਕਾਂ ਦੀਆਂ 264 ਅਸਾਮੀਆਂ ਠੇਕੇ ’ਤੇ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਸੀ। ਅਰਜ਼ੀਆਂ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 31 ਅਕਤੂਬਰ 2013 ਨੂੰ ਵਧਾ ਕੇ 27 ਨਵੰਬਰ 2013 ਕਰ ਦਿੱਤਾ ਗਿਆ ਸੀ। ਭਰਤੀ ਮੌਕੇ ਲੋੜੀਂਦੀ ਵਿਦਿਅਕ ਯੋਗਤਾ ਮੈਰਿਟ ਦੇ ਨਾਲ ਨਾਲ ਤਜਰਬੇ ਦੇ ਅੰਕ ਵੀ ਰੱਖੇ ਗਏ ਸਨ। ਚੁਣੇ ਜਾਣ ਤੋਂ ਵਾਂਝੇ ਰਹਿ ਗਏ ਕੁੱਝ ਉਮੀਦਵਾਰਾਂ ਨੇ ਭਰਤੀ ਕੀਤੇ ਕੁੱਝ ਮੁੱਖ ਅਧਿਆਪਕਾਂ ਦੀ ਚੋਣ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਇਨ੍ਹਾਂ ਉਮੀਦਵਾਰਾਂ ਦੇ ਤਜਰਬਾ ਸਰਟੀਫਿਕੇਟ ਨਿਰਧਾਰਤ ਸ਼ਰਤਾਂ ਮੁਤਾਬਕ ਅਰਜ਼ੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਕੋਲੋਂ ਤਸਦੀਕ ਨਹੀਂ ਕਰਵਾਏ ਸਨ। ਕਈਆਂ ਵੱਲੋਂ ਆਖ਼ਰੀ ਮਿਤੀ ਤੋਂ ਬਾਅਦ ਤਸਦੀਕ ਕਰਵਾਏ ਗਏ ਸਨ।

ਸੰਗਰੂਰ ਤੇ ਮਾਲੇਰਕੋਟਲਾ ਦੀ ਡੀਈਓ ਵੱਲੋਂ ਟਿੱਪਣੀ ਤੋਂ ਇਨਕਾਰ

ਐੱਸਐੱਸਏ ਪੰਜਾਬ ਵੱਲੋਂ ਸਰਕਾਰੀ ਹਾਈ ਸਕੂਲਾਂ ਦੇ 29 ਮੁੱਖ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਸਬੰਧੀ ਜਾਰੀ ਹੁਕਮਾਂ ਬਾਰੇ ਡੀਈਓ (ਸੈਕੰਡਰੀ) ਸੰਗਰੂਰ- ਮਾਲੇਰਕੋਟਲਾ ਤਰਵਿੰਦਰ ਕੌਰ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਆਦੇਸ਼ ਉੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਹਨ ਜਿਨ੍ਹਾਂ ਨੂੰ ਉਨ੍ਹਾਂ (ਡੀਈਓ) ਨੇ ਸਿਰਫ਼ ਹੇਠਾਂ ਨੋਟ ਕਰਵਾਇਆ ਹੈ। ਬਰਖਾਸਤ ਕੀਤੇ ਕੁੱਲ 29 ਮੁੱਖ ਅਧਿਆਪਕਾਂ ਵਿਚ ਜ਼ਿਲ੍ਹਾ ਮਾਲੇਰਕੋਟਲਾ ਦੇ ਚਾਰ ਅਤੇ ਸੰਗਰੂਰ ਦੇ ਤਿੰਨ ਮੁੱਖ ਮਾਸਟਰ ਸ਼ਾਮਲ ਹਨ।

Advertisement
×