ਖੱਜਲ-ਖੁਆਰੀ ਤੋਂ ਦੁਖੀ ਹੋਏ ਲੋਕਾਂ ਨੇ ਆਪਣਾ ਰੋਸ ਜਾਹਰ ਕਰਦਿਆਂ ਕਿਹਾ ਕਿ ਉਹ ਦੂਰ-ਦੁਰਾਡੇ ਤੋਂ ਆਪਣਾ ਕੰਮ ਛੱਡ ਕੇ ਰਾਸ਼ਨ ਲੈਣ ਲਈ ਡਿੱਪੂਆਂ ’ਤੇ ਪਹੁੰਚਦੇ ਹਨ, ਪਰ ਉੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਸਰਵਰ ਡਾਊਨ ਹੈ ਜਾਂ ਮਸ਼ੀਨ ਕੰਮ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਈ ਵਾਰ ਇੱਕ-ਇੱਕ ਪਰਚੀ ਕੱਢਣ ਵਿੱਚ ਵੀ ਲੰਮਾ ਸਮਾਂ ਲੱਗ ਜਾਂਦਾ ਹੈ, ਜਦਕਿ ਮਜ਼ਦੂਰ ਵਰਗ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਹੈ ਕਿਉਂਕਿ ਰਾਸ਼ਨ ਲੈਣ ਲਈ ਡਿੱਪੂ ’ਤੇ ਕਈ ਘੰਟੇ ਖੜ੍ਹੇ ਰਹਿਣ ਕਾਰਨ ਉਨ੍ਹਾਂ ਦੀ ਦਿਹਾੜੀ ਪ੍ਰਭਾਵਿਤ ਹੋ ਰਹੀ ਹੈ।
ਲੋਕਾਂ ਨੇ ਖੱਜਲ-ਖੁਆਰੀ ਘਟਾਉਣ ਅਤੇ ਰਾਸ਼ਨ ਵੰਡਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਪਰਚੀਆਂ ਕੱਢਣ ਦੇ ਤਰੀਕੇ ਵਿੱਚ ਬਦਲਾਅ ਦੀ ਮੰਗ ਕੀਤੀ।
ਉੱਥੇ ਹੀ ਡਿੱਪੂ ਹੋਲਡਰਾਂ ਨੇ ਵੀ ਕਿਹਾ ਕਿ ਸਰਵਰ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਤਕਨੀਕੀ ਸਮੱਸਿਆ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ। ਉਨ੍ਹਾਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸਰਵਰ ਡਾਊਨ ਦੀ ਸਮੱਸਿਆ ਦਾ ਤੁਰੰਤ ਹੱਲ ਕਰਵਾਇਆ ਜਾਵੇ।

