ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਵਿੱਚ ਗ੍ਰੈਜੂਏਟ ਕਾਂਸਟੀਚੁਏਂਸੀ ਤੋਂ ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਕਰਨ ਲਈ ਬਟਾਲਾ ਦੇ ਉੱਘੇ ਪ੍ਰਗਤੀਸ਼ੀਲ ਲੇਖਕ ਡਾ. ਅਨੂਪ ਸਿੰਘ ਅਤੇ ਬੇਰਿੰਗ ਕਾਲਜ ਦੇ ਫਿਲਾਸਫੀ ਵਿਭਾਗ ਦੇ ਮੁਖੀ ਪ੍ਰੋ. ਨੀਰਜ ਕੁਮਾਰ ਸ਼ਰਮਾ ਦੀ ਪਹਿਲਕਦਮੀ ’ਤੇ ਦੋ ਜ਼ਿਲ੍ਹਿਆਂ ਦੇ ਬੁੱਧੀਜੀਵੀ ਵਰਗ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਬੈਠਕ ਹੋਈ।
ਬੱਚਿਆਂ ਦੇ ਮਾਹਿਰ ਡਾਕਟਰ ਅਤੇ ਕਵੀ ਡਾ. ਰਵਿੰਦਰ ਸਿੰਘ, ਬਟਾਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਘਬੀਰ ਸਿੰਘ ਸੰਧੂ ਅਤੇ ਡਾ. ਦਲਬੀਰ ਚੌਧਰੀ ਦੀ ਪ੍ਰਧਾਨਗੀ ਹੇਠ ਬੈਠਕ ਵਿੱਚ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਧਾਰੀਵਾਲ, ਪਠਾਨਕੋਟ ਅਤੇ ਬਟਾਲਾ ਨਾਲ ਸਬੰਧਤ ਡਾਕਟਰ, ਵਕੀਲ, ਅਧਿਆਪਕ, ਪ੍ਰੋਫੈਸਰ ਅਤੇ ਸਾਹਿਤਕਾਰ ਸ਼ਾਮਲ ਹੋਏ। ਪ੍ਰੋ. ਨੀਰਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਡਾ. ਸੁਖਦੇਵ ਸਿੰਘ ਸਿਰਸਾ ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਹੋਣ ਦੇ ਨਾਲ-ਨਾਲ ਉੱਘੇ ਪੰਜਾਬੀ ਸਾਹਿਤਕਾਰ ਹਨ। ਉਨ੍ਹਾਂ ਕੋਲ 33 ਸਾਲਾਂ ਦਾ ਅਧਿਆਪਨ ਤਜਰਬਾ ਹੈ। ਲੇਖਕ ਡਾ. ਅਨੂਪ ਸਿੰਘ ਨੇ ਕਿਹਾ ਕਿ ਡਾ. ਸਿਰਸਾ ਪੰਜਾਬ ਯੂਨੀਵਰਸਿਟੀ ਦੀ ਗ੍ਰੈਜੂਏਟ ਕਾਂਸਟੀਚੁਏਂਸੀ ਤੋਂ ਚੁਣੇ ਜਾਣ ਲਈ ਯੋਗ ਉਮੀਦਵਾਰ ਹਨ। ਜਮਹੂਰੀ ਅਧਿਕਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਡਾ. ਸਿਰਸਾ ਨੇ ਹਮੇਸ਼ਾਂ ਹੀ ਨਿੱਜੀਕਰਨ ਅਤੇ ਸਿੱਖਿਆ ਦੇ ਵਪਾਰੀਕਰਨ ਦੇ ਵਿਰੁੱਧ ਡੱਟ ਕੇ ਆਵਾਜ਼ ਚੁੱਕੀ ਹੈ। ਇਸ ਮੌਕੇ ਪ੍ਰੋ. ਅਨਿਲ ਗੁਪਤਾ, ਪ੍ਰੋ. ਰਵਿੰਦਰ ਜੋਸ਼ੀ, ਡਾ. ਰਾਜਨ ਚੌਧਰੀ, ਪ੍ਰੋ. ਰਾਜੀਵ ਮੈਕਮੁਲਣ, ਡਾ. ਜੇ ਪੀ ਸਿੰਘ, ਡਾ. ਜਤਿੰਦਰ ਕੌਰ, ਪ੍ਰੋ. ਸੱਤਪਾਲ ਸਿੰਘ, ਪਵਨ ਕੁਮਾਰ, ਹੀਰਾ ਲਾਲ, ਰਮੇਸ਼ ਕੁਮਾਰ, ਡਾ. ਅਮਾਨਤ ਮਸੀਹ, ਪ੍ਰੋ. ਕਮਲਦੀਪ ਗਿੱਲ, ਜਸ਼ਨ ਗਿੱਲ, ਡਾ. ਅਸ਼ਵਨੀ ਕੁਮਾਰ ਅਤੇ ਅੰਮ੍ਰਿਤ ਹਾਜ਼ਰ ਸਨ।

