ਧਮਕੀ ਭਰੇ ਈਮੇਲ ਤੋਂ ਬਾਅਦ ਬਠਿੰਡਾ ਦੀਆਂ ਅਦਾਲਤਾਂ, ਡੀ ਸੀ ਦਫ਼ਤਰ ਅਤੇ ਵਿਦਿਅਕ ਅਦਾਰਿਆਂ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ
ਪੁਲੀਸ ਨੂੰ ਨਹੀਂ ਮਿਲਿਆ ਕੁੱਝ ਵੀ ਇਤਰਾਜ਼ਯੋਗ
ਬਠਿੰਡਾ ਵਿੱਚ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅਤੇ ਕੁਝ ਵਿਦਿਅਕ ਅਦਾਰਿਆਂ ਨੂੰ ਬੰਬ ਧਮਾਕਿਆਂ ਦੀ ਧਮਕੀ ਭਰੇ ਈਮੇਲ ਪ੍ਰਾਪਤ ਹੋਏ, ਜਿਸ ਕਾਰਨ ਪੁਲੀਸ ਨੂੰ ਤਲਾਸ਼ੀ ਮੁਹਿੰਮ ਚਲਾਉਣੀ ਪਈ।
ਇੱਕ ਵਕੀਲ ਨੇ ਦੱਸਿਆ ਕਿ ਧਮਕੀ ਭਰੇ ਈਮੇਲ ਦੇ ਮੱਦੇਨਜ਼ਰ, ਅੱਜ ਦੁਪਹਿਰ 12:15 ਵਜੇ ਦੇ ਕਰੀਬ ਅਦਾਲਤੀ ਕੰਮਕਾਜ ਮੁਅੱਤਲ ਕਰ ਦਿੱਤਾ ਗਿਆ ਅਤੇ ਸੁਣਵਾਈਆਂ ਲਈ ਨਵੀਆਂ ਤਾਰੀਖ਼ਾਂ ਦਿੱਤੀਆਂ ਗਈਆਂ।
ਬਠਿੰਡਾ ਦੇ ਐੱਸ ਪੀ (ਸਿਟੀ) ਅਸਵੰਤ ਸਿੰਘ ਧਾਲੀਵਾਲ ਨੇ ਕਿਹਾ, “ਅਦਾਲਤ ਕੰਪਲੈਕਸ, ਡੀ ਸੀ ਦਫ਼ਤਰ ਅਤੇ ਕੁਝ ਵਿਦਿਅਕ ਅਦਾਰਿਆਂ ਨੂੰ ਧਮਕੀ ਭਰੇ ਈਮੇਲ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਈਮੇਲ ਅਫਵਾਹ ਸਾਬਤ ਹੋਏ ਅਤੇ ਕਿਸੇ ਵੀ ਇਮਾਰਤ ਨੂੰ ਖਾਲੀ ਨਹੀਂ ਕਰਵਾਇਆ ਗਿਆ।”
ਇਹ ਘਟਨਾਕ੍ਰਮ ਉਸ ਘਟਨਾ ਤੋਂ ਦੋ ਦਿਨ ਬਾਅਦ ਸਾਹਮਣੇ ਆਇਆ ਹੈ ਜਦੋਂ ਬਠਿੰਡਾ ਜ਼ਿਲ੍ਹੇ ਵਿੱਚ ਕੁਝ ਇਮਾਰਤਾਂ, ਜਿਸ ਵਿੱਚ ਇੱਕ ਸਰਕਾਰੀ ਸਕੂਲ ਵੀ ਸ਼ਾਮਲ ਹੈ, ਉੱਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੀ ਪ੍ਰਸ਼ੰਸਾ ਕਰਨ ਵਾਲੇ ਨਾਅਰੇ ਲਿਖੇ ਗਏ ਸਨ। ਬੇਅੰਤ ਸਿੰਘ ਦਾ 31 ਅਗਸਤ 1995 ਨੂੰ ਕਤਲ ਕਰ ਦਿੱਤਾ ਗਿਆ ਸੀ।
ਹਾਲੀਆ ਘਟਨਾਵਾਂ ਨੇ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ, ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ 5 ਸਤੰਬਰ ਨੂੰ ਬਠਿੰਡਾ ਦਾ ਦੌਰਾ ਤੈਅ ਹੈ।
ਪੁਲੀਸ ਧਮਕੀ ਭਰੇ ਈਮੇਲਾਂ ਦੇ ਸਰੋਤ ਦੀ ਜਾਂਚ ਕਰ ਰਹੀ ਹੈ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ।

