ਰੂਪਨਗਰ (ਪੱਤਰ ਪ੍ਰੇਰਕ): ਸਰਕਾਰ ਵੱਲੋਂ ਰੂਪਨਗਰ ਦੇ ਉਪ ਮੰਡਲ ਨੰਗਲ ਦੇ ਐੱਸਡੀਐੱਮ ਉਦੈਦੀਪ ਸਿੰਘ ਸਿੱਧੂ ਪੀਸੀਐੱਸ ਨੂੰ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਉਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੇ ਸਮੇਂ ਦੌਰਾਨ ਅਧਿਕਾਰੀ ਦਾ ਹੈੱਡ ਕੁਆਰਟਰ ਚੰਡੀਗੜ੍ਹ ਹੋਵੇਗਾ ਤੇ ਉਸ ਨੂੰ ਸਿਰਫ ਗੁਜ਼ਾਰਾ ਭੱਤਾ ਹੀ ਮਿਲੇਗਾ। ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮੁਅੱਤਲੀ ਦੇ ਹੁਕਮ ਡੀਸੀ ਰੂਪਨਗਰ ਦੇ ਪੱਤਰ ਰਾਹੀਂ ਕੀਤੀ ਗਈ ਰਿਪੋਰਟ ਨੂੰ ਆਧਾਰ ਬਣਾ ਕੇ ਕੀਤੇ ਗਏ ਹਨ। ਮੁਅੱਤਲੀ ਦਾ ਕਾਰਨ ਸਬ-ਡਿਵੀਜ਼ਨ ਨੰਗਲ ’ਚ ਹੜ੍ਹਾਂ ਦੀ ਆਪਾਤਕਾਲੀਨ ਸਥਿਤੀ ਦੌਰਾਨ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਅਚਾਨਕ ਗੈਰਹਾਜ਼ਰ ਹੋਣਾ, ਉੱਚ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਨਾ ਕਰਨਾ ਤੇ ਡਿਊਟੀ ’ਚ ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਉਣਾ ਦੱਸਿਆ ਗਿਆ ਹੈ। ਉੱਧਰ ਐੱਸਡੀਐੱਮ ਉਦੈਦੀਪ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਰੀੜ੍ਹ ਦੀ ਹੱਡੀ ਦੇ ਦਰਦ ਕਾਰਨ ਮੈਡੀਕਲ ਛੁੱਟੀ ’ਤੇ ਸਨ।