School Bus Accident: ਬੱਚਿਆਂ ਨਾਲ ਭਰੀ ਸਕੂਲੀ ਬੱਸ ਝੋਨੇ ਦੇ ਖੇਤ ’ਚ ਡਿੱਗੀ; ਡਰਾਈਵਰ ’ਤੇ ਅਣਗਹਿਲੀ ਦੇ ਦੋਸ਼
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ; ਬੱਚਿਆਂ ਦੇ ਮਾਪਿਆਂ ਦੀ ਵਧੀ ਚਿੰਤਾ
ਪਿੰਡ ਦਰਾਜਕੇ ਨੇੜੇ 21 ਸਤੰਬਰ ਦੀ ਦੁਪਹਿਰ ਇੱਕ ਨਿੱਜੀ ਸਕੂਲ ਦੀ ਬੱਸ ਸੜਕ ਤੋਂ ਹੇਠਾਂ ਉਤਰ ਕੇ ਝੋਨੇ ਦੇ ਖੇਤ ਵਿੱਚ ਜਾ ਡਿੱਗੀ। ਹਾਦਸੇ ਸਮੇਂ ਬੱਸ ਵਿੱਚ ਸਕੂਲੀ ਬੱਚੇ ਸਵਾਰ ਸਨ। ਬੱਸ ਖੇਤ ਵਿੱਚ ਡਿੱਗਣ ਕਾਰਨ ਬੱਚਿਆਂ ਵਿੱਚ ਹਫੜਾ-ਦਫੜੀ ਮਚ ਗਈ, ਪਰ ਸੁਖਾਂਵੇ ਹਾਲਾਤ ਇਹ ਰਹੇ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ ਭਿੱਖੀਵਿੰਡ ਦੇ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਬੱਸ ਬੱਚਿਆਂ ਨੂੰ ਛੱਡਣ ਜਾ ਰਹੀ ਸੀ। ਪਿੰਡ ਦਰਾਜਕੇ ਨੇੜੇ ਪੁੱਜਣ ’ਤੇ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਨਾਲ ਲੱਗਦੇ ਝੋਨੇ ਦੇ ਖੇਤ ਵਿੱਚ ਉਤਰ ਗਈ। ਘਟਨਾ ਤੋਂ ਤੁਰੰਤ ਬਾਅਦ ਇਕੱਠੇ ਹੋਏ ਸਥਾਨਕ ਲੋਕਾਂ ਨੇ ਮੁਸ਼ੱਕਤ ਨਾਲ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ।
ਇਸ ਹਾਦਸੇ ਨਾਲ ਸਬੰਧਤ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਕੂਲ ਬੱਸ ਖੇਤ ਵਿੱਚ ਖੜ੍ਹੀ ਦਿਖਾਈ ਦੇ ਰਹੀ ਹੈ। ਲੋਕਾਂ ਵੱਲੋਂ ਹਾਦਸੇ ਲਈ ਬੱਸ ਚਾਲਕ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਹਾ ਹੈ, ਹਾਲਾਂਕਿ ਹਾਦਸੇ ਦੇ ਅਸਲ ਕਾਰਨ ਪੁਲੀਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕਣਗੇ।
ਮਾਮਲੇ ਸਬੰਧੀ ਸਕੂਲ ਦੀ ਪ੍ਰਿੰਸੀਪਲ ਨੇ ਬੱਸ ਚਾਲਕ ਅਤੇ ਮਾਲਕ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਹੈ। ਪਿੰਡ ਵਾਸੀ ਪਰਮਜੀਤ ਸਿੰਘ, ਹਰਜੀਤ ਸਿੰਘ ਅਤੇ ਹੀਰਾ ਸਿੰਘ ਨੇ ਮੰਗ ਕੀਤੀ ਹੈ ਕਿ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਪ੍ਰਸ਼ਾਸਨ ਨੂੰ ਸਮੇਂ-ਸਮੇਂ ’ਤੇ ਸਕੂਲੀ ਵਾਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ।

