ਇਕਬਾਲ ਸਿੰਘ ਸ਼ਾਂਤ
ਲੰਬੀ, 31 ਅਗਸਤ
ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦੇ 64 ਕਰੋੜ ਰੁਪਏ ਦੇ ਘੁਟਾਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਕਾਰ ਸ਼ਬਦੀ ਜੰਗ ਭਖ਼ ਗਈ ਹੈ। ਬੀਤੇ ਦਿਨ ਮੁੱਖ ਮੰਤਰੀ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਸੀਬੀਆਈ ਜਾਂਚ ਦੀ ਮੰਗ ਦਾ ਨੈਤਿਕ ਅਧਿਕਾਰ ਨਾ ਹੋਣ ਦੀ ਨਸੀਹਤ ਦੇਣ ਤੋਂ ਬਾਅਦ ਅੱਜ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਦੇ ‘ਪਾਕਿਸਤਾਨੀ ਕੁਨੈਕਸ਼ਨ’ ਫਰੋਲ ਦਿੱਤੇ ਹਨ। ਉਨ੍ਹਾਂ ਕੈਪਟਨ ਨੂੰ ਵਿਸ਼ਰਾਮ ਘਰ ਵਿਚ ਪਾਕਿਸਤਾਨੀਆਂ ਦੇ ਕਬਜ਼ੇ ’ਚੋਂ ਬਾਹਰ ਨਿਕਲ ਕੇ ਪੰਜਾਬ ਵਾਸੀਆਂ ਦੀ ਸੁਧ ਲੈਣ ਦੀ ਨਸੀਹਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਵੈਲਫੇਅਰ ਮੰਤਰੀ ਨੂੰ ਪੱਤਰ ਲਿਖ ਕੇ ਵਜ਼ੀਫ਼ਾ ਘੁਟਾਲੇ ਦੀ ਸੀਬੀਆਈ ਜਾਂਚ ਮੰਗੀ ਸੀ। ਅੱਜ ਹਰਸਿਮਰਤ ਕੌਰ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕੈਪਟਨ ਅਮਰਿੰਦਰ ਸਿੰਘ ’ਤੇ ਭ੍ਰਿਸ਼ਟਾਚਾਰ ਦੇ ਹਰੇਕ ਮਾਮਲੇ ’ਚ ਮੰਤਰੀਆਂ ਤੇ ਵਿਧਾਇਕਾਂ ਨੂੰ ਕਲੀਨ ਚਿੱਟ ਦੇ ਕੇ ਪੰਜਾਬ ਦੀ ਜਨਤਾ ਨਾਲ ਧੋਖਾ ਕਰਨ ਦੇ ਦੋਸ਼ ਲਾਏ। ਵਜ਼ੀਫ਼ਾ ਬਹੁਕਰੋੜੀ ਘਪਲੇ ਬਾਰੇ ਹਰਸਿਮਰਤ ਨੇ ਕਿਹਾ ਕਿ ਵਿਭਾਗੀ ਸਕੱਤਰ ਦੀ ਲਿਖਤੀ ਰਿਪੋਰਟ ਨੂੰ ਦਰਕਿਨਾਰ ਕੀਤੇ ਜਾਣ ਨਾਲ ਮੁੱਖ ਮੰਤਰੀ ਦਾ ਅਸਲ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਇਤਿਹਾਸ ਦਾ ਹੁਣ ਤੱਕ ਸਭ ਤੋਂ ਨਿਕੰਮਾ ਮੁੱਖ ਮੰਤਰੀ ਦੱਸਿਆ।