ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਪਾਰਥ ਬਿਸਵਾਸ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਪਰਿਵਾਰਾਂ ਦੇ ਮਸਲੇ ਸੁਣੇ ਅਤੇ ਸਫ਼ਾਈ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ। ਡਾ. ਬਿਸਵਾਸ ਨੇ ਕਿਹਾ ਕਿ ਕਮਿਸ਼ਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦਾ ਦੋ ਰੋਜ਼ਾ ਦੌਰਾ ਕੀਤਾ ਗਿਆ ਹੈ।
ਇਸ ਦੌਰਾਨ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ/ਠੇਕੇ ’ਤੇ ਲਿਆਉਣ ਬਾਰੇ ਚੱਲ ਰਹੀ ਪ੍ਰਕਿਰਿਆ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਅਕਤੀਆਂ ਨੂੰ ਸਰਟੀਫਿਕੇਟ ਜਾਰੀ ਕਰਨ, ਆਵਾਸ ਯੋਜਨਾ ਸਣੇ ਹੋਰ ਭਲਾਈ ਸਕੀਮਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਕੁਝ ਜ਼ਿਲ੍ਹਿਆਂ ਵਿੱਚ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿਸ ਵਿੱਚ ਸਬੰਧਤ ਵਿਅਕਤੀ ਨੇ ਧਰਮ ਬਦਲ ਲਿਆ ਹੁੰਦਾ ਹੈ ਅਤੇ ਯੋਗ ਨਾ ਹੋਣ ਦੀ ਸੂਰਤ ਵਿੱਚ ਐੱਸ ਸੀ ਸਰਟੀਫਿਕੇਟ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਮਿਸ਼ਨ ਨੇ ਸੁਪਰ 50 ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ ਐੱਸ ਸੀ ਭਾਈਚਾਰੇ ਦੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਿਵਲ ਸੇਵਾਵਾਂ, ਨੀਟ ਸਣੇ ਹੋਰ ਪ੍ਰੀਖਿਆਵਾਂ ਦੀ ਮੁਫ਼ਤ ਤਿਆਰੀ ਕਰਵਾਈ ਜਾਵੇਗੀ। ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਰਾਹੀਂ ਇਹ ਸਫ਼ਾਈ ਕਰਮਚਾਰੀ ਔਰਤਾਂ ਨੇ ਰੱਖੜੀ ਮੌਕੇ ਡਾ. ਪਾਰਥ ਬਿਸਵਾਸ ਅਤੇ ਹੋਰ ਅਧਿਕਾਰੀਆਂ ਦੇ ਰੱਖੜੀ ਬੰਨ੍ਹੀ।
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਕਮਿਸ਼ਨ ਦੇ ਸਟੇਟ ਦਫ਼ਤਰ ਤੋਂ ਡਾਇਰੈਕਟਰ ਪਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਮੋਦੀ, ਐੱਸ ਡੀ ਐੱਮ ਡਾ. ਅਜੀਤਪਾਲ ਸਿੰਘ ਚਹਿਲ, ਸਫ਼ਾਈ ਕਰਮਚਾਰੀ ਯੂਨੀਅਨ ਤੋਂ ਵਿਕਰਮਜੀਤ ਵਿੱਕੀ ਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

