ਸੌਰਵ ਦਾਸ ਵੱਲੋਂ ਲੁਧਿਆਣਾ ਦੇ ਸਰਕਾਰੀ ਸਕੂਲਾਂ ਦਾ ਦੌਰਾ: 'ਸਕੂਲ ਆਫ਼ ਐਮੀਨੈਂਸ' ਦੀਆਂ ਆਧੁਨਿਕ ਸਹੂਲਤਾਂ ਅਤੇ ਜੰਡਿਆਲੀ ਸਕੂਲ ਦੀਆਂ ਕਮੀਆਂ ਆਈਆਂ ਸਾਹਮਣੇ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਮੀਆਂ ਨੂੰ ਦੂਰ ਕਰਨ ਦਾ ਦਿੱਤਾ ਭਰੋਸਾ; ਰਵਨੀਤ ਬਿੱਟੂ ਨੇ ਦੌਰੇ ਨੂੰ ਲੈ ਕੇ ਚੁੱਕੇ ਸਵਾਲ
ਲੁਧਿਆਣਾ ਵਿੱਚ ਤਿੰਨ ਸਰਕਾਰੀ ਸਕੂਲਾਂ ਦੇ ਸਮਾਜਿਕ ਆਡਿਟ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੀ ਹਾਲਤ ਵਿੱਚ ਇੱਕ ਵੱਡਾ ਅੰਤਰ ਸਾਹਮਣੇ ਲਿਆਂਦਾ ਹੈ, ਜਿੱਥੇ ਇੱਕ ਪਾਸੇ 'ਸਕੂਲ ਆਫ਼ ਐਮੀਨੈਂਸ' ਆਧੁਨਿਕ ਸਹੂਲਤਾਂ ਨਾਲ ਲੈਸ ਹੈ, ਉੱਥੇ ਹੀ ਦੂਜੇ ਪਾਸੇ ਇੱਕ ਪੁਰਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੇ ਵੀ ਬੁਨਿਆਦੀ ਸਹੂਲਤਾਂ ਲਈ ਤਰਸ ਰਿਹਾ ਹੈ।
ਇਹ ਆਡਿਟ 'ਕੌਕਰੋਚ ਜਨਤਾ ਪਾਰਟੀ' (ਸੀ ਜੇ ਪੀ) ਦੇ ਬੁਲਾਰੇ ਸੌਰਵ ਦਾਸ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਸਕੂਲ ਆਫ਼ ਐਮੀਨੈਂਸ (ਸੈਕਟਰ 32), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦਾ ਦੌਰਾ ਕੀਤਾ।
ਜਿੱਥੇ ਟੀਮ ਨੇ ਸਕੂਲ ਆਫ਼ ਐਮੀਨੈਂਸ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ, ਉੱਥੇ ਹੀ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲੀ ਵਿਖੇ ਸਾਫ਼-ਸਫ਼ਾਈ ਅਤੇ ਪਖਾਨਿਆਂ ਦੀ ਹਾਲਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਟੀਮ ਨੇ ਕਿਹਾ ਕਿ ਇਨ੍ਹਾਂ ਕਮੀਆਂ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸਾਂਝਾ ਕੀਤਾ ਗਿਆ ਹੈ।
ਸਕੂਲ ਆਫ਼ ਐਮੀਨੈਂਸ (ਸੈਕਟਰ 32) ਵਿਖੇ, ਟੀਮ ਨੂੰ ਇੱਕ ਸਵੀਮਿੰਗ ਪੂਲ, ਅਪਾਹਜ ਵਿਦਿਆਰਥੀਆਂ ਲਈ ਰੈਂਪ, ਕੰਪਿਊਟਰ ਸਹੂਲਤਾਂ ਅਤੇ ਇੱਕ ਏ ਆਈ ਲੈਬ ਵਰਗੀਆਂ ਸਹੂਲਤਾਂ ਮਿਲੀਆਂ। ਦਾਸ ਨੇ ਬੁਨਿਆਦੀ ਢਾਂਚੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਚੰਗੇ ਨਿੱਜੀ ਸਕੂਲਾਂ ਦੇ ਮੁਕਾਬਲੇ ਸਹੂਲਤਾਂ ਉਪਲਬਧ ਹਨ।
ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਕਈ ਵਿਦਿਆਰਥੀਆਂ ਨੇ ਨੀਟ (NEET) ਅਤੇ ਜੇ ਈ ਈ (JEE) ਵਰਗੇ ਮੁਕਾਬਲੇ ਦੇ ਇਮਤਿਹਾਨ ਪਾਸ ਕੀਤੇ ਹਨ।
ਹਾਲਾਂਕਿ, ਟੀਮ ਨੇ ਇਸ਼ਾਰਾ ਕੀਤਾ ਕਿ ਪਖਾਨਿਆਂ ਨੂੰ ਬਿਹਤਰ ਦੇਖਭਾਲ ਦੀ ਲੋੜ ਹੈ।
ਉੱਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੰਡਿਆਲੀ) ਦੇ ਦੌਰੇ ਦੌਰਾਨ ਕਈ ਕਮੀਆਂ ਸਾਹਮਣੇ ਆਈਆਂ। ਚੰਡੀਗੜ੍ਹ ਮੇਨ ਰੋਡ 'ਤੇ ਸਥਿਤ, ਇਸ ਸਕੂਲ ਦਾ 1936 ਤੋਂ ਲੰਮਾ ਇਤਿਹਾਸ ਹੈ।
ਦਾਸ ਨੇ ਕਿਹਾ ਕਿ ਸਾਲਾਂ ਦੌਰਾਨ ਸਕੂਲ ਵਿੱਚ ਮੁਰੰਮਤ ਦਾ ਕੰਮ ਹੋਇਆ ਹੈ ਪਰ ਇਸ ਦਾ ਸਮੁੱਚਾ ਬੁਨਿਆਦੀ ਢਾਂਚਾ ਪੁਰਾਣਾ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇੱਕ ਪੁਰਾਣੀ ਹੁੰਦੀ ਜਾ ਰਹੀ ਇਮਾਰਤ ਵਿੱਚ ਕਲਾਸਾਂ ਲਗਾ ਰਹੇ ਹਨ ਅਤੇ ਉਹ ਅਜਿਹੀਆਂ ਸਹੂਲਤਾਂ ਦੇ ਹੱਕਦਾਰ ਹਨ ਜੋ ਅਜੋਕੀਆਂ ਲੋੜਾਂ ਮੁਤਾਬਕ ਹੋਣ।
ਟੀਮ ਨੇ ਸਫ਼ਾਈ ਅਤੇ ਸੈਨੀਟੇਸ਼ਨ ਬਾਰੇ ਵੀ ਚਿੰਤਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਲੋੜੀਂਦਾ ਸਫ਼ਾਈ ਅਮਲਾ ਨਹੀਂ ਹੈ ਅਤੇ ਕੁਝ ਪਖਾਨਿਆਂ ਦੀ ਹਾਲਤ ਤਸੱਲੀਬਖ਼ਸ਼ ਨਹੀਂ ਹੈ। ਵਿਦਿਆਰਥਣਾਂ ਨੂੰ ਉਪਲਬਧ ਸਹੂਲਤਾਂ ਬਾਰੇ ਖ਼ਾਸ ਤੌਰ 'ਤੇ ਚਿੰਤਾ ਪ੍ਰਗਟ ਕੀਤੀ ਗਈ।
ਆਡਿਟ ਟੀਮ ਅਨੁਸਾਰ, ਸਕੂਲ ਵਿੱਚ ਲਗਪਗ 500 ਕੁੜੀਆਂ ਹਨ ਪਰ ਉਨ੍ਹਾਂ ਲਈ ਸਿਰਫ਼ ਤਿੰਨ ਪਖਾਨੇ ਉਪਲਬਧ ਹਨ ਅਤੇ ਕੁਝ ਪਖਾਨਿਆਂ ਨੂੰ ਦਰਵਾਜ਼ੇ ਵੀ ਨਹੀਂ ਲੱਗੇ ਸਨ।
ਤੀਜਾ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ, ਜੰਡਿਆਲੀ ਸੀ। ਟੀਮ ਨੇ ਪੁਰਾਣੇ ਬੁਨਿਆਦੀ ਢਾਂਚੇ ਦੀਆਂ ਸੀਮਾਵਾਂ ਦੇ ਬਾਵਜੂਦ ਸਿੱਖਣ ਵਾਲੇ ਮਾਹੌਲ ਨੂੰ ਬਿਹਤਰ ਬਣਾਉਣ ਅਤੇ ਰਚਨਾਤਮਕ ਕੰਮ ਕਰਨ ਲਈ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਦਾਸ ਨੇ ਕਿਹਾ ਕਿ ਲੋਕਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ, ਇੱਕ ਅਧਿਆਪਕ ਦੇ ਯਤਨਾਂ ਸਦਕਾ ਇਸ ਸਕੂਲ ਨੂੰ ਇੱਕ ਸਮਾਰਟ ਸਕੂਲ ਵਜੋਂ ਵਿਕਸਤ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਮਾਰਤ ਦੀ ਉਮਰ ਨੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੇ ਦਾਇਰੇ ਨੂੰ ਸੀਮਤ ਕਰ ਦਿੱਤਾ ਹੈ।
ਟੀਮ ਨੇ ਇਹ ਵੀ ਦੇਖਿਆ ਕਿ ਪਖਾਨਿਆਂ ਦੀ ਹੋਰ ਬਿਹਤਰ ਦੇਖਭਾਲ ਕੀਤੀ ਜਾ ਸਕਦੀ ਹੈ।
ਇਸ ਸਮਾਜਿਕ ਆਡਿਟ ਦਾ ਜਵਾਬ ਦਿੰਦਿਆਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 'ਟ੍ਰਿਬਿਊਨ ਸਮੂਹ' ਨੂੰ ਦੱਸਿਆ ਕਿ ਸਰਕਾਰ ਅਜਿਹੇ ਫ਼ੀਡਬੈਕ ਦਾ ਸਵਾਗਤ ਕਰਦੀ ਹੈ।
ਉਨ੍ਹਾਂ ਕਿਹਾ, "ਸੌਰਵ, ਸਾਡੇ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਅਤੇ ਇੱਕ ਸੁਤੰਤਰ ਸਮਾਜਿਕ ਆਡਿਟ ਕਰਨ ਲਈ ਤੁਹਾਡਾ ਧੰਨਵਾਦ। ਅਸੀਂ ਫ਼ੀਡਬੈਕ ਦਾ ਸਵਾਗਤ ਕਰਦੇ ਹਾਂ। ਪ੍ਰਸ਼ੰਸਾ ਸਾਨੂੰ ਪ੍ਰੇਰਿਤ ਕਰਦੀ ਹੈ ਅਤੇ ਕਮੀਆਂ ਸਾਨੂੰ ਸੁਧਾਰ ਕਰਨ ਵਿੱਚ ਮਦਦ ਕਰਦੀਆਂ ਹਨ।"
ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਟੀਮ ਵੱਲੋਂ ਉਜਾਗਰ ਕੀਤੇ ਗਏ ਮੁੱਦਿਆਂ ਦਾ ਨੋਟਿਸ ਲਿਆ ਹੈ ਅਤੇ ਉਹ ਨਿੱਜੀ ਤੌਰ 'ਤੇ ਇਨ੍ਹਾਂ ਦੇ ਹੱਲ ਦੀ ਨਿਗਰਾਨੀ ਕਰਨਗੇ।
ਉਨ੍ਹਾਂ ਕਿਹਾ, "ਸਾਡੀ ਸਰਕਾਰ ਦਾ ਮਿਸ਼ਨ ਸਪੱਸ਼ਟ ਹੈ ਕਿ ਪੰਜਾਬ ਦਾ ਹਰ ਬੱਚਾ ਇੱਕ ਸੁਰੱਖਿਅਤ, ਆਧੁਨਿਕ ਅਤੇ ਉੱਚ-ਗੁਣਵੱਤਾ ਵਾਲਾ ਸਰਕਾਰੀ ਸਕੂਲ ਦਾ ਹੱਕਦਾਰ ਹੈ। ਅਸੀਂ ਇਸਨੂੰ ਹਕੀਕਤ ਬਣਾਉਣ ਲਈ ਵਚਨਬੱਧ ਹਾਂ।"
ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲ ਜਨਤਕ ਆਡਿਟ ਲਈ ਖੁੱਲ੍ਹੇ ਹਨ ਅਤੇ ਵਿਭਾਗ ਕਮੀਆਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ, "ਅਸੀਂ ਉਦੋਂ ਤੱਕ ਮਿਹਨਤ ਕਰਦੇ ਰਹਾਂਗੇ ਜਦੋਂ ਤੱਕ ਸਾਡੇ ਸਾਰੇ 20,000 ਸਰਕਾਰੀ ਸਕੂਲ ਮਿਆਰਾਂ 'ਤੇ ਪੂਰੇ ਨਹੀਂ ਉਤਰਦੇ ਅਤੇ ਫਿਰ ਉਨ੍ਹਾਂ ਮਿਆਰਾਂ ਨੂੰ ਬਣਾਈ ਰੱਖਣ ਲਈ ਹੋਰ ਵੀ ਸਖ਼ਤ ਮਿਹਨਤ ਕਰਾਂਗੇ।"
ਦੂਜੇ ਪਾਸੇ ਸੌਰਵ ਦਾਸ ਦੇ ਦੌਰੇ 'ਤੇ ਸਾਬਕਾ ਰੇਲਵੇ ਮੰਤਰੀ ਰਵਨੀਤ ਬਿੱਟੂ ਨੇ ਪ੍ਰਤੀਕਿਰਿਆ ਦਿੱਤੀ।
ਬਿੱਟੂ ਨੇ ਕਿਹਾ, "ਸੌਰਵ ਦਾਸ ਦੀ ਲੁਧਿਆਣਾ ਦੇ 'ਸਕੂਲ ਆਫ਼ ਐਮੀਨੈਂਸ' ਦੀ ਫੇਰੀ ਅਤੇ ਅਰਵਿੰਦ ਕੇਜਰੀਵਾਲ ਦੇ ਦੌਰੇ ਦੀ ਪ੍ਰਸ਼ੰਸਾ ਕਰਨ ਵਾਲੇ ਟਵੀਟ ਨੇ ਸੱਚਾਈ ਨੂੰ ਬੇਨਕਾਬ ਕਰ ਦਿੱਤਾ ਹੈ - ਇਹ ਅਸਲ ਵਿੱਚ ਗਵਰਨੈਂਸ ਦੇ ਨਾਮ 'ਤੇ ਕੀਤਾ ਗਿਆ ਇੱਕ ਦਿਖਾਵਟੀ ਪੀ ਆਰ ਤਮਾਸ਼ਾ ਹੈ।"
ਉਨ੍ਹਾਂ ਕਿਹਾ, "ਮੈਂ ਹਾਲ ਹੀ ਵਿੱਚ ਉਸੇ ਸਕੂਲ ਆਫ਼ ਐਮੀਨੈਂਸ ਦਾ ਦੌਰਾ ਕੀਤਾ ਸੀ ਅਤੇ ਖੁੱਲ੍ਹੇਆਮ ਖਸਤਾ ਹਾਲਤ ਵਾਲੇ ਸਵੀਮਿੰਗ ਪੂਲ ਤੇ ਖੇਡ ਦੇ ਮੈਦਾਨਾਂ ਦੀ ਮਾੜੀ ਹਾਲਤ ਬਾਰੇ ਗੰਭੀਰ ਚਿੰਤਾਵਾਂ ਜਤਾਈਆਂ ਸਨ।"
ਬਿੱਟੂ ਨੇ ਕਿਹਾ ਕਿ ਜੇਕਰ ਸਭ ਕੁਝ ਸੱਚਮੁੱਚ ਓਨਾ ਹੀ ਸ਼ਾਨਦਾਰ ਹੈ ਜਿੰਨਾ ਸਰਕਾਰ ਦਾਅਵਾ ਕਰਦੀ ਹੈ, ਤਾਂ ਫਿਰ ਸੌਰਵ ਦਾਸ ਨੂੰ ਇਹ ਹਕੀਕਤ ਕਿਉਂ ਨਹੀਂ ਦਿਖਾਈ ਗਈ?
ਉਨ੍ਹਾਂ ਕਿਹਾ, ''ਕੀ ਇਸ ਦੌਰੇ ਦਾ ਮਕਸਦ ਸਕੂਲ ਦਾ ਸਹੀ ਢੰਗ ਨਾਲ ਜਾਇਜ਼ਾ ਲੈਣਾ ਅਤੇ ਇਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸੀ, ਜਾਂ ਇਹ ਸਿਰਫ਼ ਤਾਰੀਫ਼ ਖੱਟਣ ਅਤੇ ਸੁਰਖੀਆਂ ਬਟੋਰਨ ਲਈ ਰਚਿਆ ਗਿਆ ਇੱਕ ਸੋਚਿਆ-ਸਮਝਿਆ 'ਫੋਟੋ-ਓਪ' (ਤਸਵੀਰਾਂ ਖਿਚਵਾਉਣ ਦਾ ਮੌਕਾ) ਸੀ?''
ਉਨ੍ਹਾਂ ਕਿਹਾ ਪੰਜਾਬ ਦੇ ਬੱਚੇ ਕਾਰਜਸ਼ੀਲ ਸਹੂਲਤਾਂ, ਮਿਆਰੀ ਸਿੱਖਿਆ ਅਤੇ ਜਵਾਬਦੇਹੀ ਦੇ ਹੱਕਦਾਰ ਹਨ।

